ਬਰੇਟਾ 19,ਜੁਲਾਈ (ਸਾਰਾ ਯਹਾਂ/ਰੀਤਵਾਲ) ਲਗਭਗ ਪਿਛਲੇ 8 ਮਹੀਨਿਆਂ ਤੋਂ ਕ੍ਰਿਸ਼ਨਾਂ ਮੰਦਰ ਨਜ਼ਦੀਕ ਬਣੇ ਕੈਟਲ
ਸ਼ੈਡ ਦੀ ਇਮਾਰਤ ਦੀ ਢਾਹ ਢੁਆਈ ਕਰਵਾਈ ਜਾ ਚੁੱਕੀ ਹੈ ਪਰ ਐਨਾ ਸਮਾਂ ਬੀਤ ਜਾਣ
ਤੇ ਵੀ ਅੱਜ ਤੱਕ ਇਸ ਥਾਂ ਤੇ ਮਾਰਕੀਟ ਕਮੇਟੀ ਵੱਲੋਂ ਨਵੇਂ ਸਿਰੇ ਤੋਂ ਉਸਾਰੀ ਦਾ ਕਾਰਜ
ਸ਼ੁਰੂ ਨਹੀਂ ਕਰਵਾਇਆ ਗਿਆ । ਉਸਾਰੀ ਦੇ ਕੰਮ ‘ਚ ਹੋ ਰਹੀ ਦੇਰੀ ਨੂੰ ਲੈ ਕੇ
ਲੋਕੀਂ ਇਹ ਗੱਲਾਂ ਕਰਦੇ ਵੀ ਪਾਏ ਜਾ ਰਹੇ ਹਨ ਕਿ ਬਰੇਟਾ ‘ਚ ਅਨੇਕਾਂ ਅਜਿਹੀਆਂ
ਬੇਸ਼ਕੀਮਤੀ ਥਾਵਾਂ ਹਨ, ਜਿਵੇਂ ਡੀ.ਏ.ਵੀ.ਸਕੂਲ ਵਾਲੀ ਇਮਾਰਤ , ਪੁਰਾਣੇ ਨਗਰ ਕੌਂਸਲ
ਦੇ ਦਫਤਰ ਵਾਲੀ ਇਮਾਰਤ ਅਤੇ ਇਸ ਕੈਟਲ ਸ਼ੈਡ ਦੀ ਇਮਾਰਤ ਜਿਨ੍ਹਾਂ ਦੀ ਢਾਹ ਢੁਆਈ
ਕਰਵਾਈ ਜਾ ਚੁੱਕੀ ਹੈ ਤੇ ਕੁਝ ਦਾ ਕੰਮ ਜਾਰੀ ਹੈ ਪਰ ਹਕੀਕਤ ‘ਚ ਇਨ੍ਹਾਂ ਥਾਵਾਂ ਤੇ
ਕੀ ਬਣੇਗਾ ਇਸ ਤੋਂ ਆਮ ਲੋਕ ਹਾਲੇ ਤੱਕ ਬੇਸਮਝ ਹਨ । ਇਨ੍ਹਾਂ ਬੇਸ਼ਕੀਮਤੀ ਥਾਂਵਾਂ
ਨੂੰ ਲੈ ਕੇ ਵਧੇਰੇ ਲੋਂਕੀ ਇਹ ਗੱਲਾਂ ਕਰਦੇ ਵੀ ਸੁਣੇ ਜਾ ਰਹੇ ਹਨ ਕਿ ਕੁਝ ਸ਼ਾਤਿਰ
ਦਿਮਾਗ ਦੇ ਲੋਕ ਇਨ੍ਹਾਂ ਬੇਸ਼ਕੀਮਤੀ ਥਾਵਾਂ ਨੂੰ ਟੇਢੇ ਢੰਗ ਨਾਲ ਵੇਚ ਵਟ ਕੇ
ਆਪਣੇ ਹੱਥ ਰੰਗਣ ਨੂੰ ਫਿਰਦੇ ਹਨ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਮਾਰਕੀਟ
ਕਮੇਟੀ ਦੇ ਚੇਅਰਮੈਨ ਸਾਹਿਬ ਵੱਲੋਂ ਕੈਟਲ ਸ਼ੈਡ ਵਾਲੀ ਥਾਂ ਤੇ ਅਨੇਕਾਂ ਵਾਰ ਅਲੀਸ਼ਾਨ
ਇਮਾਰਤ ਬਣਾਉਣ ਦੀਆਂ ਗੱਲਾਂ ਕਹੀਆਂ ਜਾ ਚੁੱਕੀਆਂ ਹਨ ਪ੍ਰੰਤੂ ਅੱਠ ਮਹੀਨਿਆਂ
ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਇਸ ਥਾਂ ਤੇ ਨੀਂਹ ਵੀ ਨਹੀਂ ਰੱਖੀ ਗਈ ।
ਜਿਸਨੂੰ ਦੇਖਦੇ ਜਾਪਦਾ ਹੈ ਕਿ ਚੇਅਰਮੈਨ ਵੀ ਸਿਆਸੀ ਲੋਕਾਂ ਵਾਂਗ ਲੋਕਾਂ ਨਾਲ ਝੂਠੇ
ਵਾਅਦੇ ਕਰਨ ਤੇ ਲੱਗੇ ਹੋਏ ਹਨ ਜਦਕਿ ਖਾਲੀ ਪਈ ਇਹ ਜਗਾਂ੍ਹ ਹੁਣ ਆਵਾਰਾ
ਪਸ਼ੂਆਂ/ਕੁੱਤਿਆਂ ਦਾ ਰੈਣ ਬਸੇਰਾ ਬਣ ਕੇ ਰਹਿ ਗਈ ਹੈ । ਜਿਸ ਤੋਂ ਨਜ਼ਦੀਕੀ
ਦੁਕਾਨਦਾਰ ਅਤੇ ਮੰਦਿਰ ‘ਚ ਆਉਣ ਜਾਣ ਵਾਲੇ ਸ਼ਰਧਾਲੂ ਡਾਢੇ ਪ੍ਰੇਸ਼ਾਨ ਹਨ । ਇਸੇ
ਪ੍ਰੇਸ਼ਾਨੀ ਨੂੰ ਦੇਖਦੇ ਹੋਏ ਆਮ ਲੋਕਾਂ ਦੀ ਮੰਗ ਹੈ ਕਿ ਇਸ ਥਾਂ ਤੇ ਪਹਿਲਾਂ
ਵਾਂਗ ਯਾਤਰੀਆਂ ਦੀ ਸਹੂਲਤ ਦੇ ਲਈ ਵਧੀਆਂ ਇਮਾਰਤ ਬਣਾਈ ਜਾਵੇ ਅਤੇ ਜਲਦ ਤੋਂ ਜਲਦ
ਇਸ ਥਾਂ ਤੇ ਉਸਾਰੀ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਈ ਜਾਵੇ । ਜਦ ਕੈਟਲ ਸ਼ੈਡ ਦੀ
ਉਸਾਰੀ ਦੇ ਕਾਰਜ਼ ‘ਚ ਹੋ ਰਹੀ ਦੇਰੀ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਿਆਨ
ਚੰਦ ਸਿੰਗਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਜਗਾਂ੍ਹ ਦੇ
ਕਾਗਜ਼ਾਤ ਮੰਡੀਕਰਨ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਚੰਡੀਗੜ੍ਹ ਵਿਖੇ ਦਿਖਾਉਣੇ
ਹਨ । ਜਿਸ ਤੋਂ ਬਾਅਦ ਤੁਰੰਤ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ।
ਕੈਪਸ਼ਨ: ਕੈਟਲ ਸ਼ੈਡ ਦੀ ਖਾਲੀ ਪਈ ਥਾਂ ਦੀ ਤਸਵੀਰ