*ਕੈਨੇਡਾ ਰਹਿੰਦੀ ਬੇਅੰਤ ਕੌਰ ਦੇ ਪਰਿਵਾਰ ਨੇ ਰੱਖਿਆ ਆਪਣਾ ਪੱਖ, ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਪੋਸਟਾਂ ਰੋਕਣ ਦੀ ਅਪੀਲ*

0
175

ਬਰਨਾਲਾ 12,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਦਾ ਵਿਸ਼ਾ ਕਾਫ਼ੀ ਚਰਚਾ ਵਿੱਚ ਆਇਆ ਹੋਇਆ ਹੈ। ਨੌਜਵਾਨ ਲਵਪ੍ਰੀਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਇਸ ਦੀ ਦੋਸ਼ੀ ਉਸ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਨੂੰ ਦੱਸਿਆ ਜਾ ਰਿਹਾ ਹੈ। ਅਜਿਹੇ ‘ਚ ਹੁਣ ਬੇਅੰਤ ਕੌਰ ਦਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਹੈ।

ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ, ਮਾਤਾ ਸੁਖਵਿੰਦਰ ਕੌਰ ਤੇ ਚਾਚਾ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਪਹਿਲਾਂ ਲਵਪ੍ਰੀਤ ਨਾਲ ਮੰਗਣੀ ਹੋਈ ਸੀ। ਮੰਗਣੀ ਤੋਂ ਸਾਲ ਬਾਅਦ ਦੋਵਾਂ ਦਾ ਸਹੀ ਰੀਤੀ ਰਿਵਾਜਾਂ ਨਾਲ ਵਿਆਹ ਹੋਇਆ ਸੀ। ਇਸ ਉਪਰੰਤ ਲਗਾਤਾਰ ਉਨ੍ਹਾਂ ਦੀ ਧੀ ਵੱਲੋਂ ਲਵਪ੍ਰੀਤ ਤੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਜਾਂਦੀ ਰਹੀ ਹੈ।

ਲਵਪ੍ਰੀਤ ਨੂੰ ਕੈਨੇਡਾ ਲਿਜਾਣ ਲਈ ਵੀ ਸਾਰੀ ਫ਼ਾਈਲ ਕਾਰਵਾਈ ਪੂਰੀ ਕੀਤੀ ਗਈ ਪਰ ਕੋਰੋਨਾਵਾਇਰਸ ਕਰਕੇ ਲਵਪ੍ਰੀਤ ਦੇ ਕੈਨੇਡਾ ਜਾਣ ਵਿੱਚ ਦੇਰੀ ਹੋ ਗਈ। ਫਿਰ ਵੀ ਲਵਪ੍ਰੀਤ ਤੇ ਉਸ ਦਾ ਪਰਿਵਾਰ ਉਨ੍ਹਾਂ ਦੀ ਲੜਕੀ ‘ਤੇ ਕੈਨੇਡਾ ਲਿਜਾਣ ਲਈ ਦਬਾਅ ਬਣਾਉਂਦਾ ਰਿਹਾ। ਬੇਅੰਤ ਵੱਲੋਂ ਲਵਪ੍ਰੀਤ ਤੇ ਉਸ ਦੇ ਪਰਿਵਾਰ ਨੂੰ ਪੈਸੇ ਵੀ ਭੇਜੇ ਜਾਂਦੇ ਰਹੇ ਹਨ।

ਬੇਅੰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਲਵਪ੍ਰੀਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਲੜਕੀ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਜਿਸ ਦਿਨ ਲਵਪ੍ਰੀਤ ਦੀ ਮੌਤ ਹੋਈ, ਉਸ ਦਿਨ ਉਨ੍ਹਾਂ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਉਸ ਦੀ ਮੌਤ ਦਾ ਕਾਰਨ ਪਹਿਲਾਂ ਅਟੈਕ ਦੱਸਿਆ ਗਿਆ ਸੀ, ਪਰ ਹੁਣ ਇਸ ਨੂੰ ਖ਼ੁਦਕੁਸ਼ੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਲਵਪ੍ਰੀਤ ਦੇ ਰਿਸ਼ਤੇਦਾਰ ਸਾਡੀ ਧੀ ਤੇ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਦੀ ਲਵਪ੍ਰੀਤ ਦੀ ਮੌਤ ਹੋਈ ਹੈ, ਉਸ ਦਿਨ ਤੋਂ ਉਨ੍ਹਾਂ ਦੀ ਕੁੜੀ ਡਿਪਰੈਸ਼ਨ ਵਿੱਚ ਹੈ। ਬੇਅੰਤ ਕੌਰ ਦੇ ਪਰਿਵਾਰ ਨੇ ਅਪੀਲ ਕੀਤੀ ਕਿ ਸ਼ੋਸ਼ਲ ਮੀਡੀਆ ‘ਤੇ ਪਾਈਆਂ ਜਾਣ ਵਾਲੀਆਂ ਪੋਸਟਾਂ ‘ਤੇ ਰੋਕ ਲੱਗੇ ਤੇ ਉਨ੍ਹਾਂ ਦੀ ਕੁੜੀ ਨੂੰ ਬਦਨਾਮ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। 

LEAVE A REPLY

Please enter your comment!
Please enter your name here