ਬੁਢਲਾਡਾ 12 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) : ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਲਗਾਤਾਰ ਕੀਤੀ ਜਾ ਰਹੀ ਕੋਰੋਨਾ ਟੈਸਟਿੰਗ ਮੁਹਿੰਮ ਤਹਿਤ ਪਿੰਡ ਅਹਿਮਦਪੁਰ ਅਤੇ ਕੁਲੈਹਿਰੀ ਵਿਖੇ ਕੋਰੋਨਾ ਸੈਂਪਲਿੰਗ ਅਤੇ ਵੈਕਸੀਨੇਸ਼ਨ ਦਾ ਮੈਗਾ ਕੈਂਪ ਲਾਇਆ ਗਿਆ। ਸਿਹਤ ਕਰਮਚਾਰੀਆਂ ਵੱਲੋਂ 60 ਤੋਂ ਵੱਧ ਵਿਅਕਤੀਆਂ ਦੇ ਸੈਂਪਲਿੰਗ ਅਤੇ ਵੈਕਸੀਨੇਸ਼ਨ ਲਗਾਈ ਗਈ। ਇਸ ਤੋਂ ਇਲਾਵਾ ਜੁਲਾਈ ਮਹੀਨਾ ਐਂਟੀ ਡੇਂਗੂ ਮੰਥ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਸਬੰਧ ਵਿੱਚ ਸਿਹਤ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਅਤੇ ਸਿਹਤ ਕਰਮਚਾਰੀ ਕ੍ਰਿਸ਼ਨ ਕੁਮਾਰ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਏਡੀਜ਼-ਅਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਤੇ ਇਹ ਮੱਛਰ ਕੇਵਲ ਦਿਨ ਸਮੇਂ ਕੱਟਦਾ ਹੈ। ਡੇਂਗੂ ਦਾ ਮੱਛਰ ਸਾਫ਼ ਪਾਣੀ ‘ਤੇ ਅੰਡੇ ਦਿੰਦਾ ਹੈ ਤੇ ਹਫ਼ਤੇ ਤੋਂ ਦਸ ਦਿਨਾਂ ‘ਚ ਇਹ ਅੰਡੇ ਤੋਂ ਪੂਰਾ ਮੱਛਰ ਬਣ ਜਾਂਦਾ ਹੈ। ਇਸ ਲਈ ਮੱਛਰ ਦੇ ਜੀਵਨ ਚੱਕਰ ਨੂੰ ਤੋੜਨ ਲਈ ਹਰ ਹਫ਼ਤੇ ਪਾਣੀ ਵਾਲੇ ਸ੍ਰੋਤਾਂ ਜਿਵੇਂ ਕੂਲਰ, ਫੱਰਿਜ ਦੀ ਵੇਸਟ-ਟ੍ਰੇਅ ਨੂੰ ਖਾਲੀ ਕਰ ਕੇ ਕੱਪੜਾ ਮਾਰ ਕੇ ਸੁਕਾਉਣਾ ਚਾਹੀਦਾ ਹੈ ਤੇ ਸਿਹਤ ਵਿਭਾਗ ਵੱਲੋਂ ਇਸ ਲਈ ਸ਼ੁੱਕਰਵਾਰ ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਲੋਕ ਜਾਗਰੂਕ ਨਹੀਂ, ਉਨੀ ਦੇਰ ਵਧੀਆ ਨਤੀਜੇ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਲੋਕਾਂ ਨੂੰ ਇੰਨ੍ਹਾਂ ਬੀਮਾਰੀਆਂ ਦੀ ਰੋਕਥਾਮ ਕਰਨ ਲਈ ਸਿਹਤ ਵਿਭਾਗ ਦੀ ਟੀਮ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਏ ਐਨ ਐਮ ਹਰਜੀਤ ਕੌਰ, ਰਸ਼ਪਾਲ ਕੌਰ, ਸੀ ਐਚ ਓ ਸੁਮਨਦੀਪ ਕੌਰ, ਆਸ਼ਾ ਵਰਕਰ ਗੁਰਮੀਤ ਕੌਰ, ਸੰਮੀ ਕੌਰ, ਵੀਰਪਾਲ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ ਹਾਜਰ ਸਨ।