ਬੁਢਲਾਡਾ 7 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਡੀ ਏ ਵੀ ਪਬਲਿਕ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸਕੂਲ ਵੱਲੋਂ ਬੱਚਿਆਂ ਦੀ ਫੀਸ ਨਾ ਭਰਨ ਤੇ ਉਨ੍ਹਾਂ ਨੂੰ ਆਨ ਲਾਈਨ ਪੜ੍ਹਾਈ ਨਾ ਕਰਵਾਉਣ ਸਬੰਧੀ ਚਰਚਾ ਕੀਤੀ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਪਿਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਕੀਤੀ ਜਾ ਰਹੀਆਂ ਇਨ੍ਹਾਂ ਧੱਕੇਸ਼ਾਹੀਆ ਖ਼ਿਲਾਫ਼ ਲਾਮਬੰਦ ਹੋ ਕੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਮਾਨਯੋਗ ਹਾਈਕੋਰਟ, ਸੁਪਰੀਮ ਕੋਰਟ ਅਤੇ ਸਿੱਖਿਆ ਮੰਤਰੀ ਵੱਲੋਂ ਜਾਰੀ ਹਦਾਇਤਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਕਿਉਂਕਿ ਕੋਰਟ ਦੇ ਹੁਕਮਾਂ ਅਨੁਸਾਰ ਕੋਈ ਵੀ ਸਕੂਲ ਕਿਸੇ ਵੀ ਬੱਚੇ ਦੀ ਫੀਸ ਦੀ ਅਦਾਇਗੀ ਨਾ ਹੋਣ ਕਰਕੇ ਪੜ੍ਹਾਈ ਨਹੀਂ ਰੋਕ ਸਕਦਾ ਨਾ ਹੀ ਕਿਸੇ ਨੂੰ ਸਕੂਲ ਤੋਂ ਬਰਖਾਸਤ ਕਰ ਸਕਦਾ ਹੈ । ਲੇਕਿਨ ਇਸ ਸਕੂਲ ਦੀ ਮੈਨੇਜਮੈਂਟ ਵੱਲੋਂ ਫੀਸਾਂ ਦੀ ਅਦਾਇਗੀ ਨਾ ਹੋਣ ਕਰਕੇ ਪਿਛਲੇ ਇੱਕ ਹਫਤੇ ਤੋਂ ਬੱਚਿਆਂ ਦੀ ਪੜ੍ਹਾਈ ਰੋਕ ਦਿੱਤੀ ਗਈ ਹੈ ਅਤੇ ਫੀਸ ਮੰਗਣ ਦੇ ਨਾਂ ਤੇ ਮਾਪਿਆਂ ਨੂੰ ਨਵੇਂ ਨਵੇਂ ਢੰਗਾਂ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਜਦ ਕਿ ਮਾਪਿਆਂ ਵੱਲੋਂ ਵਾਰ ਵਾਰ ਸਕੂਲ ਮੇਜਮੈਂਟ ਨੂੰ ਫੀਸਾਂ ਵਿੱਚ ਬਣਦੀ ਰਿਆਇਤ ਕਰਕੇ ਫੀਸ ਭਰਵਾਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ । ਸੋ ਇਸ ਸਬੰਧੀ ਸਾਰੇ ਮਾਪੇ ਇਕੱਠੇ ਹੋ ਕੇ ਸੰਘਰਸ਼ ਦਾ ਬਿਗਲ ਵਜਾਉਣ ਦੀ ਤਿਆਰੀ ਕਰ ਰਹੇ ਹਨ, ਇਸ ਤਹਿਤ ਐਤਵਾਰ ਨੂੰ ਸਾਰੇ ਮਾਪਿਆਂ ਦੀ ਇੱਕ ਮੀਟਿੰਗ ਸੱਦੀ ਗਈ ਹੈ। ਮੀਟਿੰਗ ਤੋਂ ਅਗਲੇ ਦਿਨ ਸੋਮਵਾਰ ਨੂੰ ਸਕੂਲ ਅੱਗੇ ਪ੍ਰਦਰਸ਼ਨ ਕਰ ਸਾਰੇ ਮਾਪਿਆਂ ਵੱਲੋਂ ਐਸ ਡੀ ਐਮ ਬੁਢਲਾਡਾ, ਜਿਲਾ ਸਿੱਖਿਆ ਅਫਸਰ ਮਾਨਸਾ, ਸਿੱਖਿਆ ਸਕੱਤਰ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤੇ ਜਾਣਗੇ। ਜੇਕਰ ਇਸ ਸਬੰਧੀ ਜਲਦ ਹੀ ਕੋਈ ਹੱਲ ਨਾ ਹੋਇਆ ਤਾਂ ਅਣਮਿੱਥੇ ਸਮੇ ਲਈ ਜਿਲਾ ਸਿੱਖਿਆ ਅਫਸਰ ਮਾਨਸਾ ਅਤੇ ਐਸ ਡੀ ਐਮ ਦਫਤਰ ਬੁਢਲਾਡਾ ਵਿਖੇ ਧਰਨੇ ਵੀ ਲਗਾਏ ਜਾਣਗੇ।