ਨਵੀਂ ਦਿੱਲੀ 05,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): 2022 ਦੀਆਂ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਰਾਜਨੀਤੀ ਹੁਣ ਤੀਖਣ ਤੇ ਤੇਜ਼ ਹੁੰਦੀ ਜਾ ਰਹੀ ਹੈ। ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਰਾਜ ਦੀ ਰਾਜਨੀਤੀ ਸਰਗਰਮ ਹੋਵੇ ਤੇ ਨਵਜੋਤ ਸਿੰਘ ਸਿੱਧੂ ਆਪਣੇ ਕਮਾਲ ਨਾ ਦਿਖਾਉਣ। ਇਸ ਵੇਲੇ ਸਿੱਧੂ ਰਾਜਨੀਤੀ ਦੀ ਪਿੱਚ ‘ਤੇ ਪੂਰੀ ਫ਼ਾਰਮ ਵਿੱਚ ਹਨ ਤੇ ਫ਼੍ਰੰਟਫ਼ੁੱਟ ਉੱਤੇ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਪਰ ਸਵਾਲ ਹਰ ਇੱਕ ਦੇ ਦਿਮਾਗ ਵਿੱਚ ਹੈ ਕਿ ਨਵਜੋਤ ਸਿੱਧੂ, ਜਿਨ੍ਹਾਂ ਨੂੰ ਹੁਣ ਤੱਕ ‘ਅਲੱਗ–ਥਲੱਗ’ ਪੈ ਚੁੱਕੇ ਸਮਝਿਆ ਜਾ ਰਿਹਾ ਸੀ, ਲਗਪਗ ਏਕਾਂਤਵਾਸ ’ਚ ਹੀ ਚੱਲ ਰਹੇ; ਉਹ ਅਚਾਨਕ ਸਿਆਸੀ ਮੰਚ ਉੱਤੇ ਇੰਨੇ ਅਹਿਮ ਕਿਵੇਂ ਲੱਗਣ ਪਏ ਤੇ ਵੱਡੀਆਂ ਬਿਆਨਬਾਜ਼ੀਆਂ ਵੀ ਕਰਨ ਲੱਗ ਪਏ।
ਦਰਅਸਲ, ਪੰਜਾਬ ਦੀਆਂ ਬਦਲ ਰਹੀਆਂ ਰਾਜਨੀਤਕ ਸਥਿਤੀਆਂ ਨੇ ਸਿੱਧੂ ਨੂੰ ਆਪਣਾ ਸਿਰ ਉੱਚਾ ਕਰਨ ਦਾ ਮੌਕਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਕਿਵੇਂ ਰਾਜਨੀਤਕ ਪਿੱਚ ‘ਤੇ ਆਪਣੀ ਚਾਲ ਬਦਲਦੇ ਹਨ, ਇਹ ਕਿਸੇ ਤੋਂ ਲੁਕਿਆ ਨਹੀਂ। ਜਦੋਂ ਉਹ ਭਾਜਪਾ ਵਿੱਚ ਸਨ, ਉਹ ਕਾਂਗਰਸ ਨੂੰ ਕੋਸਦੇ ਰਹੇ, ਪਰ ਟਿਕਟ ਮਿਲਣ ਤੋਂ ਬਾਅਦ, ਉਨ੍ਹਾਂ ਦੇ ਰਾਜਨੀਤਕ ਸਲਾਹਕਾਰ ਤੇ ‘ਰੱਬ’ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਦੌਰਾਨ ਹਰਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।
ਹੁਣ ਨਵਜੋਤ ਸਿੱਧੂ ਆਪਣੇ ਪੁਰਾਣੇ ਜਾਣੇ-ਪਛਾਣੇ ’ਚ ਪਰਤ ਚੁੱਕੇ ਵਿਖਾਈ ਦੇ ਰਹੇ ਹਨ। ਉੱਧਰ ਪੰਜਾਬ ਵਿਚ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਵਿੱਚ ਆਈ ‘ਆਮ ਆਦਮੀ ਪਾਰਟੀ’ ਵੀ ਰਾਜ ਵਿੱਚ ਨਵੀਆਂ ਰਣਨੀਤੀਆਂ ਨਾਲ ਮੈਦਾਨ ਵਿਚ ਦਾਖਲ ਹੋ ਰਹੀ ਹੈ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਸਿੱਖ ਹੋਣਗੇ। ਫਿਰ ਕੀ ਸੀ, ਸਿੱਧੂ ਦੇ ਦਿਮਾਗ ਵਿੱਚ ਫਿਰ ਤੋਂ ਪੰਜਾਬ ਦੀ ਸਰਕਾਰ ਬਣਾਉਣ ਦੀ ਇੱਛਾ ਪੈਦਾ ਹੋ ਗਈ ਤੇ ਉਨ੍ਹਾਂ ਆਪਣੇ ਸਿਆਸੀ ਦਾਅ-ਪੇਚ ਚਲਾਉਣੇ ਸ਼ੁਰੂ ਕਰ ਦਿੱਤੇ।
ਸਿਆਸੀ ਜਾਣਕਾਰਾਂ ਅਨੁਸਾਰ ਸਿੱਧੂ ਦੇ ਮਨ ’ਚ ਸਰਕਾਰ ਬਣਾਉਣ ਦਾ ਸੁਫ਼ਨਾ ਐਂਵੇਂ ਹੀ ਨਹੀਂ ਆ ਗਿਆ। ਉਨ੍ਹਾਂ ਦੀ ਇਹ ਇੱਛਾ ਅਸਲ ’ਚ ਆਮ ਆਦਮੀ ਪਾਰਟੀ ਨੇ ਹੀ ਜਗਾਈ ਹੈ, ਜੋ ਲਗਾਤਾਰ ਉਨ੍ਹਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਮੌਕੇ ਨੂੰ ਵੇਖਦਿਆਂ ਜਦੋਂ ਸਿੱਧੂ ਬੋਲੇ, ਤਾਂ ਕਾਂਗਰਸ ਹਾਈ ਕਮਾਂਡ ਸੁਚੇਤ ਹੋ ਗਈ। ਕਿਉਂਕਿ ਸਿੱਧੂ ਜੇ ਕਿਸੇ ਹਾਲਤ ਵਿੱਚ ਜਾ ਕੇ ਕਾਂਗਰਸ ਨੂੰ ਛੱਡਦੇ ਹਨ, ਤਾਂ ਪੰਜਾਬ ਵਿੱਚ ਪਾਰਟੀ ਦੀ ਸਥਿਤੀ ਕਮਜ਼ੋਰ ਪੈ ਸਕਦੀ ਹੈ। ਇਸੇ ਲਈ ਦਿੱਲੀ ਵਿਚ ਸੋਨੀਆ, ਰਾਹੁਲ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਿੱਧੂ ਨੇ ਆਪ ਇਹ ਬਿਆਨ ਵੀ ਜਾਰੀ ਕੀਤਾ ਕਿ ਉਨ੍ਹਾਂ ਨੇ ਚੋਟੀ ਦੇ ਨੇਤਾਵਾਂ ਨਾਲ ਚੰਗੀ ਗੱਲਬਾਤ ਕੀਤੀ ਹੈ।
ਉਂਝ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਅਧਾਰ ਵੀ ਘੱਟ ਨਹੀਂ ਹੈ। ਉਸ ਨੂੰ ਲੋੜ ਇਕ ਸਿੱਖ ਚਿਹਰੇ ਦੀ ਸੀ, ਜੋ ਸਿੱਧੂ ਦੇ ਰੂਪ ਵਿਚ ਉਸ ਨੂੰ ਦਿਖਾਈ ਦੇ ਰਹੀ ਹੈ ਪਰ ਸਿੱਧੂ ਬਾੱਲ ਦੇਖ ਕੇ ਕੁਝ ਸੁਰੱਖਿਅਤ ਤਰੀਕੇ ਉਪਰੋਂ ਛੱਕਾ ਮਾਰਨ ਵਿੱਚ ਮਾਹਿਰ ਹਨ। ਸਿੱਧੂ ਨੇ ਕੇਜਰੀਵਾਲ ਦੀ ਪਾਰਟੀ ਵਿੱਚ ਜਾਣ ਦਾ ਰਾਹ ਬੰਦ ਨਹੀਂ ਕੀਤਾ ਪਰ ਕਾਂਗਰਸ ਵਿੱਚ ਹਾਲੇ ਉਹ ਪੂਰੀ ਜ਼ੋਰ-ਅਜ਼ਮਾਇਸ਼ ਕਰ ਰਹੇ ਹਨ।
ਹੁਣ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਆਖ਼ਰ ਪਿਛਲੇ ਕੁਝ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਇੰਨੇ ਜੋਸ਼ ਵਿੱਚ ਕਿਵੇਂ ਆ ਗਏ ਹਨ। ਨਵਜੋਤ ਸਿੰਘ ਸਿੱਧੂ ਨੂੰ ਆਪਣੇ ਭਾਸ਼ਣਾਂ ਨਾਲ ਜਨਤਾ ਨੂੰ ਕੀਲਣ ਦੀ ਆਪਣੀ ਤਾਕਤ ਦਾ ਪਤਾ ਹੈ ਤੇ ਕਾਂਗਰਸ ਵੀ ਆਪਣੀਆਂ ਕਮਜ਼ੋਰੀਆਂ ਨੂੰ ਜਾਣਦੀ ਹੈ। ਇਸ ਵੇਲੇ ਪੰਜਾਬ ਦੀ ਸਿਆਸਤ ਦੇ ਹਾਲਾਤ ਅਜਿਹੇ ਹੀ ਹਨ।