*ਆਖਰ ਕੈਪਟਨ ਨੂੰ ਲੱਗਾ ਬਿਜਲੀ ਕਰਾਰਾਂ ਦਾ ਕਰੰਟ, ਭਗਵੰਤ ਮਾਨ ਨੇ ਪੁੱਛਿਆ ਜਨਾਬ 4 ਸਾਲ ਕਿੱਥੇ ਸੀ?*

0
39

 ਚੰਡੀਗੜ੍ਹ 04,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਬਿਜਲੀ ਕਰਾਰਾਂ ਦੀ ਨਜ਼ਰਸਾਨੀ ਬਾਰੇ ਐਲਾਨ ਮਗਰੋਂ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਨੇ ਸਵਾਲ ਕੀਤਾ ਹੈ ਕਿ ਚਾਰ ਸਾਲ ਤੱਕ ਕੈਪਟਨ ਸਰਕਾਰ ਸੁੱਤੀ ਰਹੀ। ਹੁਣ ਜਦੋਂ ਕੈਪਟਨ ਖੁਦ ਘਿਰਨ ਲੱਗੇ ਹਨ ਤਾਂ ਗੂੜ੍ਹੀ ਨੀਂਦ ਵਿੱਚੋਂ ਜਾਗੇ ਹਨ

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕੈਪਟਨ ਦੇ ਫਾਰਮ ਹਾਊਸ ਸਿਸਵਾਂ ਵੱਲ ਜ਼ੋਰਦਾਰ ਪ੍ਰਦਰਸ਼ਨ ਕਰਕੇ ਪੰਜਾਬ ਦੇ ਲੋਕਾਂ ਵੱਲੋਂ ਬਿਜਲੀ ਦੀ ਕਿੱਲਤ ਕਾਰਨ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੱਸਣ ਤੋਂ ਬਾਅਦ ਹੀ ਕੈਪਟਨ ਨੇ ਬਿਦਲੀ ਸਮਝੌਤਿਆਂ ਦੀ ਨਜ਼ਰਸਾਨੀ ਦੀ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਸਮਝੌਤਿਆਂ ਉਤੇ ਹੋਰ ਦੇਰੀ ਕੀਤੇ ਬਿਨਾਂ ਇਨ੍ਹਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।
Account limits reached.

ਚੰਡੀਗੜ੍ਹ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਪਣੀ ਸਾਢੇ ਚਾਰ ਸਾਲ ਦੀ ਨੀਂਦ ਵਿੱਚੋਂ ਜਾਗਦਿਆਂ ਕੈਪਟਨ ਹੁਣ ਇਨ੍ਹਾਂ ਬਿਜਲੀ ਸਮਝੌਤਿਆਂ ਨੂੰ ਬਿਜਲੀ ਦੀ ਘਾਟ ਲਈ ਸਭ ਤੋਂ ਵੱਡਾ ਕਾਰਨ ਦੱਸ ਰਹੇ ਹਨ ਜਦਕਿ ਸਰਕਾਰ ਬਣਨ ਤੋਂ ਬਾਅਦ ਹੁਣ ਤਕ ਉਹ ਇਸ ਉੱਤੇ ਚੁੱਪੀ ਵੱਟ ਕੇ ਬਾਦਲਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ।

ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੱਥ ਵਿਚ ਸ੍ਰੀ ਗੁਟਕਾ ਸਾਹਿਬ ਫੜ ਕੇ ਇਨ੍ਹਾਂ ਬਿਜਲੀ ਸਮਝੌਤਿਆਂ ਨੂੰ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਰੱਦ ਕਰਨ ਦਾ ਦਾਅਵਾ ਕਰਨ ਵਾਲੇ ਕੈਪਟਨ ਹੁਣ ਕੈਬਨਿਟ ਦੀ ਆਖ਼ਰੀ ਮੀਟਿੰਗ ਵਿੱਚ ਵੀ ਇਸ ਉੱਤੇ ਵਿਚਾਰ ਕਰਨ ਦਾ ਢੌਂਗ ਕਰ ਰਹੇ ਹਨ। ਮਾਨ ਨੇ ਕਿਹਾ ਕਿ ਕੈਪਟਨ ਇਸ ਗੱਲ ਨੂੰ ਸਪਸ਼ਟ ਕਰਨ ਕਿ ਜੇਕਰ ਹੁਣ ਉਹ ਮੰਨਦੇ ਹਨ ਕਿ ਇਹ ਬਿਜਲੀ ਸਮਝੌਤੇ ਸੰਪੂਰਨ ਤੌਰ ਤੇ ਗਲਤ ਸਨ ਤੇ ਬਾਦਲਾਂ ਵੱਲੋਂ ਗਲਤ ਨੀਅਤ ਨਾਲ ਕੀਤੇ ਗਏ ਸਨ ਤਾਂ ਉਹ ਹੁਣ ਤੱਕ ਬਾਦਲਾਂ ਨੂੰ ਕਿਉਂ ਬਚਾ ਰਹੇ ਸਨ।

ਉਨ੍ਹਾਂ ਕਿਹਾ ਕਿ ਅਸਲ ਵਿੱਚ ਬਾਦਲ ਕੈਪਟਨ ਪਰਿਵਾਰ ਮਿਲੇ ਹੋਏ ਹਨ ਤੇ ਮਿਲ ਕੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਪੁੱਛਿਆ ਕਿ ਇਨ੍ਹਾਂ ਗ਼ਲਤ ਸਮਝੌਤਿਆਂ ਦੀ ਵਜ੍ਹਾ ਨਾਲ ਪੰਜਾਬ ਦੇ ਹੋਏ 20000 ਕਰੋੜ ਰੁਪਏ ਦੀ ਭਰਪਾਈ ਕੌਣ ਕਰੇਗਾ? ਕੈਪਟਨ ਤੋਂ ਸਵਾਲ ਪੁੱਛਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਗ਼ਲਤ ਸਮਝੌਤਿਆਂ ਦੀ ਵਜ੍ਹਾ ਨਾਲ ਬਿਜਲੀ ਦੀ ਕਿੱਲਤ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ, ਬੰਦ ਹੋਏ ਉਦਯੋਗਾਂ ਤੇ ਆਮ ਲੋਕਾਂ ਨੂੰ ਆਈ ਦਿੱਕਤ ਲਈ ਕੌਣ ਜ਼ਿੰਮੇਵਾਰ ਹੋਵੇਗਾ? ਮਾਨ ਨੇ ਕਿਹਾ ਕਿ ਕੈਪਟਨ ਵੱਲੋਂ ਹੁਣ ਕੀਤਾ ਗਿਆ ਐਲਾਨ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਸਾਖ ਬਚਾਉਣ ਦਾ ਇੱਕ ਯਤਨ ਮਾਤਰ ਹੈ ਜਿਸ ਨੂੰ ਪੰਜਾਬ ਦੇ ਲੋਕ ਭਲੀਭਾਂਤੀ ਜਾਣਦੇ ਹਨ।

ਬਿਜਲੀ ਦੇ ਮੁੱਦੇ ਤੇ  ਕਿਸਾਨ ਯੂਨੀਅਨ ਵੱਲੋਂ 6 ਜੁਲਾਈ ਨੂੰ ਕੈਪਟਨ ਦੇ ਘਰ ਦੇ ਘਿਰਾਓ ਦੇ ਦਿੱਤੇ ਪ੍ਰੋਗਰਾਮ ਦਾ ਸਮਰਥਨ ਕਰਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਮ ਲੋਕਾਂ ਕਿਸਾਨਾਂ ਮਜ਼ਦੂਰਾਂ ਦਲਿਤਾਂ ਤੇ ਵਪਾਰੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਰਹੀ ਹੈ ਤੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬਿਨਾਂ ਪਾਰਟੀ ਦੇ ਝੰਡੇ ਤੋਂ ਸੰਘਰਸ਼ ਵਿੱਚ ਸ਼ਾਮਿਲ ਹੋਣਗੇ ਤੇ ਕੈਪਟਨ ਅਮਰਿੰਦਰ ਸਿੰਘ ਤੱਕ ਆਮ ਜਨਤਾ ਦੀ ਆਵਾਜ਼ ਬੁਲੰਦ ਕਰਨਗੇ।

LEAVE A REPLY

Please enter your comment!
Please enter your name here