*ਲੁਧਿਆਣਾ ਦੀ ਇੰਡਸਟਰੀ ਨੂੰ ਬਿਜਲੀ ਦਾ ਝਟਕਾ, ਆਟੋ ਪਾਰਟਸ ਇੰਡਸਟਰੀ ਕਰ ਰਹੀ ਦੂਜੇ ਸੂਬੇ ‘ਚ ਪਲਾਇਨ ਦਾ ਵਿਚਾਰ*

0
32

ਲੁਧਿਆਣਾ 02,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪਹਿਲਾਂ ਕੋਰੋਨਾ ਮਹਾਂਮਾਰੀ ਕਾਰਨ ਬਣੇ ਹਾਲਾਤ ਤੇ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸੂਬੇ ਅੰਦਰ ਉਦਯੋਗਾਂ ਉਪਰ ਲਾਈਆਂ ਬੰਦਸ਼ਾਂ ਕਾਰਨ ਲੁਧਿਆਣਾ ਦੀ ਪ੍ਰਸਿੱਧ ਆਟੋ ਪਾਰਟਸ, ਹੌਜਰੀ ਤੇ ਨੈੱਟਵਿਅਰਜ ਇੰਡਸਟਰੀਜ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਹਨ। ਹਾਲਾਤ ਇਹ ਹਨ ਕਿ ਹੁਣ ਇਨ੍ਹਾਂ ਬੰਦਸ਼ਾਂ ਨੂੰ ਹੋਰ ਵਧਾਉਣ ਦਾ ਫੁਰਮਾਨ ਸੁਣਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲੁਧਿਆਣਾ ਦੀ ਆਟੋ ਪਾਰਟਸ ਇੰਡਸਟਰੀ ਦੇ ਨੁਮਾਇੰਦੇ ਤਾਂ ਦੂਜੇ ਸੂਬਿਆਂ ਨੂੰ ਪਲਾਇਨ ਕਰਨ ਤੇ ਵੀ ਵਿਚਾਰ ਕਰ ਰਹੇ ਹਨ।

ਪ੍ਰਮੁੱਖ ਆਟੋ ਪਾਰਟਸ ਨਿਰਮਾਤਾ ਭੋਗਲ ਇੰਡਸਟਰੀਜ਼ ਦੇ ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਬਿਜਲੀ ਦੀਆਂ ਬੰਦਸ਼ਾਂ ਕਾਰਨ ਹੁਣ ਕੰਮ ਕਰਨਾ ਹੀ ਔਖਾ ਹੋ ਗਿਆ ਹੈ। ਦੂਜੇ ਸੂਬਿਆਂ ਵਿੱਚ ਬਿਜਲੀ ਸਸਤੀ ਮਿਲਦੀ ਹੈ ਤੇ ਸਪਲਾਈ ਵੀ ਲਗਾਤਾਰ ਮਿਲ ਰਹੀ ਹੈ। ਜਦਕਿ ਸੱਤਾਧਾਰੀ ਸਿਆਸੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਪੂਰਾ ਨਹੀਂ ਹੋਇਆ ਤੇ ਬਿਜਲੀ 8 ਰੁਪਏ ਤੋਂ ਲੈ ਕੇ 13 ਰੁਪਏ ਪ੍ਰਤੀ ਯੂਨਿਟ ਤੱਕ ਪੈ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਉਦਯੋਗਾਂ ਨੂੰ ਪਹਿਲਾਂ 48 ਘੰਟੇ ਤੇ ਫਿਰ 72 ਘੰਟੇ ਬਿਜਲੀ ਬੰਦ ਰੱਖਣ ਦਾ ਫੁਰਮਾਨ ਜਾਰੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਇੰਡਸਟਰੀ ਦਾ ਕੰਮ 30 ਤੋਂ 60 ਪ੍ਰਤੀਸ਼ਤ ਚੱਲ ਰਿਹਾ ਹੈ।

ਇਸ ਨਾਲ ਹੈਰਾਨੀ ਵੀ ਪ੍ਰਗਟਾਈ ਕਿ ਕਿਉਂ ਝੋਨੇ ਦੇ ਸੀਜ਼ਨ ਨੂੰ ਲੈ ਕੇ ਪਹਿਲਾਂ ਇੰਤਜ਼ਾਮ ਨਹੀਂ ਕੀਤੇ ਗਏ, ਜਦਕਿ ਇਹ ਹਰ ਸਾਲ ਹੋਣ ਵਾਲੀ ਪ੍ਰਕਿਰਿਆ ਹੈ। ਕਿਉਂ ਕੇਂਦਰੀ ਪੂਲ ਤੋਂ ਬਿਜਲੀ ਲੈਣ ਦਾ ਬਚਾਅ ਨਹੀਂ ਕੀਤਾ ਗਿਆ? ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਜਲਦ ਹੀ ਮੁੱਖ ਮੰਤਰੀ ਨੂੰ ਮਿਲਣਗੀਆਂ ਤੇ ਆਪਣੇ ਉਦਯੋਗਾਂ ਦੇ ਚਾਬੀਆਂ ਉਨ੍ਹਾਂ ਨੂੰ ਸੌਂਪਣਗੀਆਂ।

ਉਧਰ ਨਿਟਵਿਅਰਜ ਐਂਡ ਅਪੈਰਲ ਮੈਨੂਫੈਕਚਰਜ਼ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਸੁਦਰਸ਼ਨ ਜੈਨ ਨੇ ਦੱਸਿਆ ਕਿ ਇੱਕੋ ਦਮ ਹੀ ਪੀਐੱਸਪੀਸੀਐੱਲ ਵੱਲੋਂ ਬਿਜਲੀ ਕੱਟ ਦਾ ਫੁਰਮਾਨ ਸੁਣਾਇਆ ਗਿਆ, ਜੋ ਪਹਿਲਾਂ 48 ਘੰਟੇ ਤੇ ਬਾਅਦ ਚ 72 ਘੰਟੇ ਕਰ ਦਿੱਤਾ ਗਿਆ। ਹਾਲਾਤ ਇਹ ਨੇ ਕਿ ਹੁਣ ਹਫ਼ਤੇ ਵਿੱਚ ਦੋ ਦਿਨ ਇੰਡਸਟਰੀ ਨੂੰ ਬੰਦ ਰੱਖਣਾ ਪਵੇਗਾ।

\ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਇੰਡਸਟਰੀ ਬਹੁਤ ਘੱਟ ਚਲਦੀ ਸੀ ਤੇ ਇਨ੍ਹਾਂ ਕੱਟਾਂ ਕਾਰਨ ਹੁਣ ਲੇਬਰ ਦਾ ਖਰਚਾ ਵੀ ਉੱਪਰੋਂ ਪਵੇਗਾ। ਜਦਕਿ ਉਨ੍ਹਾਂ ਦੀ ਇੰਡਸਟਰੀ ਸੀਜ਼ਨਲ ਉਦਯੋਗ ਹੈ ਤੇ ਇਸ ਵੇਲੇ ਸੀਜ਼ਨ ਦਾ ਟਾਈਮ ਹੈ। ਉਨ੍ਹਾਂ ਇਹ ਵੀ ਹੈਰਾਨੀ ਪ੍ਰਗਟਾਈ ਕਿ ਕਿਉਂ ਕੇਂਦਰੀ ਪੂਲ ਤੋਂ ਹਮੇਸ਼ਾ ਇਸ ਤਰ੍ਹਾਂ ਬਿਜਲੀ ਨਹੀਂ ਲਈ ਗਈ। ਕਿਉਂ ਇੰਨੀ ਵੱਡੀ ਮਿਸਮੈਨੇਜਮੈਂਟ ਕੀਤੀ ਗਈ, ਜਿਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।

LEAVE A REPLY

Please enter your comment!
Please enter your name here