*ਆਖਰ ਮੁੱਕ ਜਾਏਗਾ ਪੰਜਾਬ ਕਾਂਗਰਸ ਦਾ ਕਲੇਸ਼! ਨਵਜੋਤ ਸਿੱਧੂ ਦੇ ਤੇਵਰ ਪਏ ਨਰਮ, ਹੁਣ ਕੈਪਟਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ‘ਤੇ ਨਿਸ਼ਾਨਾ*

0
73

ਚੰਡੀਗੜ੍ਹ 27,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਨਾਰਾਜ਼ ਕਾਂਗਰਸੀ ਲੀਡਰ ਨਵਜੋਤ ਸਿੱਧੂ ਵੱਲੋਂ ਕੱਲ੍ਹ ਸਨਿੱਚਰਵਾਰ ਨੂੰ ਕੀਤੇ ਗਏ ਇੱਕ ਟਵੀਟ ਤੋਂ ਕੁਝ ਅਜਿਹੇ ਸੰਕੇਤ ਮਿਲੇ ਹਨ ਕਿ ਸ਼ਾਇਦ ਹੁਣ ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਖ਼ਤਮ ਹੋ ਜਾਵੇ ਤੇ ਸਾਰੇ ਆਗੂਆਂ ’ਚ ਸੁਲ੍ਹਾ ਹੋ ਜਾਵੇ।

ਦਰਅਸਲ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਨਵਜੋਤ ਸਿੱਧੂ ਨੇ ਇਹ ਟਵੀਟ ਕੀਤਾ ਸੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਦੋਸ਼ ਲਾਇਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਰਾਹੁਲ ਗਾਂਧੀ ਦੇ ਇਸ਼ਾਰੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੇ ਹਨ। ਇਸੇ ਦੋਸ਼ ਦੇ ਜਵਾਬ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਬਾਅਦ ਦੁਪਹਿਰ ਟਵੀਟ ਕੀਤਾ ਸੀ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ’ਚ ਕਿਹਾ ਹੈ ਕਿ ਹੁਣ ਜਦੋਂ ਬੇਅਦਬੀ ਕਾਂਡ ਵਿੱਚ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ-SIT) ਹੌਲੀ-ਹੌਲੀ ਇਨਸਾਫ਼ ਵੱਲ ਅੱਗੇ ਵਧਦੀ ਜਾ ਰਹੀ ਹੈ, ਤਿਵੇਂ-ਤਿਵੇਂ ਸੁਖਬੀਰ ਸਿੰਘ ਬਾਦਲ ਬਿਨਾ ਮਤਲਬ ਦੇ ਦੋਸ਼ ਲਾ ਰਹੇ ਹਨ।

ਨਵਜੋਤ ਸਿੰਘ ਸਿੱਧੂ ਦਾ ਟਵੀਟ ਕੁਝ ਇਉਂ ਹੈ:
‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਇਆਂ ਛੇ ਸਾਲ ਬੀਤ ਚੁੱਕੇ ਹਨ। ਤੁਹਾਡੇ (ਸ਼੍ਰੋਮਣੀ ਅਕਾਲੀ ਦਲ ਦੇ) ਦੋ ਸਾਲਾਂ ਦੀ ਹਕੂਮਤ ਵਿੱਚ ਕੋਈ ਇਨਸਾਫ਼ ਨਹੀਂ ਮਿਲਿਆ। ਉਸ ਤੋਂ ਬਾਅਦ ਅਗਲੇ ਸਾਢੇ ਚਾਰ ਕੋਈ ਨਿਆਂ ਨਹੀਂ ਮਿਲਿਆ। ਅੱਜ ਜਦੋਂ ਨਵੀਂ SIT ਪੰਜਾਬ ਦੀ ਆਤਮਾ ਲਈ ਇਨਸਾਫ਼ ਵੱਲ ਅੱਗੇ ਵਧ ਰਹੀ ਹੈ, ਤਾਂ ਤੁਸੀਂ ਸਿਆਸੀ ਦਖ਼ਲ ਦੀ ਦੁਹਾਈ ਦੇ ਰਹੇ ਹੋ। ਸਿਆਸੀ ਦਖ਼ਲ ਸੀ, ਜਿਸ ਕਾਰਨ ਇਨਸਾਫ਼ ਵਿੱਚ 6 ਸਾਲਾਂ ਦੀ ਦੇਰੀ ਹੋਈ।’

‘ਦ ਹਿੰਦੂ’ ਅਖ਼ਬਾਰ ਨੇ ਇਸ ਟਵੀਟ ਦੇ ਸਮੇਂ ਤੇ ਭਾਸ਼ਾ ਦਾ ਪੋਸਟ-ਮਾਰਟਮ ਕਰਦਿਆਂ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਰਿਪੋਰਟ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ SIT ਦੀ ਪੁੱਛਗਿੱਛ ਤੋਂ ਬਾਅਦ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਦੇ ਤੁਰੰਤ ਬਾਅਦ ਨਵਜੋਤ ਸਿੰਘ ਸਿੱਧੂ ਦਾ ਇਹ ਟਵੀਟ ਆਇਆ ਹੈ, ਜੋ ਅਸਿੱਧੇ ਢੰਗ ਨਾਲ ਇਹ ਵੀ ਦਰਸਾਉਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਾਢੇ ਚਾਰ ਸਾਲ ਬਾਦਲਾਂ ਨੂੰ ਬਚਾਇਆ ਹੈ।

ਇਸ ਤੋਂ ਪਹਿਲਾਂ ਕਾਂਗਰਸ ਲੀਡਰਸ਼ਿਪ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਹਦਾਇਤ ਕਰ ਚੁੱਕੀ ਹੈ ਕਿ ਉਹ ਸਿਰਫ਼ ਬੇਅਦਬੀ ਕਾਂਡ ਵਿੱਚ ਹੀ ਕਾਰਵਾਈ ਨਾ ਕਰਨ, ਸਗੋਂ ਸ਼ਰਾਬ ਮਾਫ਼ਾ ਤੇ ਟ੍ਰਾਂਸਪੋਰਟ ਮਾਫ਼ੀਆ ਨੂੰ ਵੀ ਆਪਣੇ ਨਿਸ਼ਾਨੇ ’ਤੇ ਲੈਣ। ਹੁਦ ਨਵਜੋਤ ਸਿੰਘ ਸਿੱਧੂ ਦੇ ਟਵੀਟਸ ਤੋਂ ਵੀ ਪਾਰਟੀ ਹਾਈਕਮਾਂਡ ਕੋਈ ਰਾਹ ਲੱਭ ਸਕਦੀ ਹੈ।

ਇੱਕ ਹੋਰ ਟਵੀਟ ’ਚ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਤੋਂ ਸੁਆਲ ਕੀਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਵਿਰੁੱਧ ਹੁਣ ਤੱਕ ਕਿਹੜੀ ਕਾਰਵਾਈ ਕੀਤੀ ਹੈ, ਜਿਨ੍ਹਾਂ ਉੱਤੇ ਡ੍ਰੱਗ ਮਾਮਲੇ ’ਚ ਕਥਿਤ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਸਨ। ਤਦ ਅਕਾਲੀ ਦਲ ਦੀ ਹੀ ਸਰਕਾਰ ਸੀ।

ਉਸ ਟਵੀਟ ਵਿੱਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਡੀਜੀਪੀ ਤੋਂ ਸੁਆਲ ਕੀਤਾ ਕਿ ਮਜੀਠੀਆ ਵਿਰੁੱਧ ਤੁਸੀਂ ਕੀ ਕੀਤਾ? ਜਿਨ੍ਹਾਂ ਨੇ ਕੈਮੀਕਲ ਡ੍ਰੱਗ ਫ਼ੈਕਟਰੀ ਪੰਜਾਬ ’ਚ ਲਾਉਣ ਦੀ ਸੁਵਿਧਾ ਤੇ ਸੁਰੱਖਿਆ ਦਿੱਤੀ। ਮਾਣਯੋਗ ਹਾਈ ਕੋਰਟ ਵੱਲੋਂ ਭੇਜੀ ਗਈ STF ਰਿਪੋਰਟ ਵਿੱਚ ਦਰਜ ‘ਵੱਡੀ ਮੱਛੀ’ ਵਿਰੁੱਧ ਕਿਹੜੀ ਕਾਰਵਾਈ ਕੀਤੀ ਗਈ? ਇਸੇ ਲਈ ਅੱਜ ਉਹ ਸਾਡੇ ਉੱਤੇ ਕੇਸ ਪਾਉਣ ਦੀ ਧਮਕੀ ਦੇ ਰਿਹਾ ਹੈ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈਕਮਾਂਡ ਕੋਲ ਸੂਬਾ ਪ੍ਰਧਾਨ ਬਣਨ ਦੀ ਇੱਛਾ ਪ੍ਰਗਟਾਈ ਸੀ ਪਰ ਇਸ ਗੱਲ ’ਤੇ ਪੰਜਾਬ ਦੇ ਕੁਝ ਕਾਂਗਰਸੀ ਆਗੂ ਸਹਿਮਤ ਨਹੀਂ ਹਨ। ਪਾਰਟੀ ਲੀਡਰਸ਼ਿਪ ਵੀ ਇਸ ਮਾਮਲੇ ਉੱਤੇ ਰਾਜ ਦੇ ਕਈ ਆਗੂਆਂ ਨਾਲ ਮੁਲਾਕਾਤ ਕਰ ਚੁੱਕੀ ਹੈ।

LEAVE A REPLY

Please enter your comment!
Please enter your name here