*ਕਾਂਗਰਸ ਦਾ ਵਧਿਆ ਅੰਦਰੂਨੀ ਕਲੇਸ਼, ਕੈਪਟਨ ਅਮਰਿੰਦਰ ਪੰਜਾਬ ਪਰਤੇ*

0
126

ਚੰਡੀਗੜ੍ਹ 23,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਦਾ ਕਲੇਸ਼ ਨਿਬੜਦਾ ਦਿਖਾਈ ਨਹੀਂ ਦੇ ਰਿਹਾ। ਦਿੱਲੀ ਵਿੱਚ ਅੱਜ ਵੀ ਹਲਚਲ ਜਾਰੀ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਪਸ ਪੰਜਾਬ ਰਵਾਨਾ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਵਾਰ-ਵਾਰ ਮੀਟਿੰਗਾਂ ਤੇ ਸਿੱਧੂ ਦੀ ਲਗਾਤਾਰ ਬਿਆਨਬਾਜ਼ੀ ਤੋਂ ਕਾਫੀ ਔਖੇ ਹਨ। ਕੈਪਟਨ ਇਸ ਗੱਲੋਂ ਵੀ ਖਫਾ ਹਨ ਕਿ ਰਾਹੁਲ ਗਾਂਧੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਤੋਂ ਪੰਜਾਬ ਸਰਕਾਰ ਦੇ ਕੰਮ ਦੀ ਫੀਡਬੈਕ ਲੈ ਰਹੇ ਹਨ।

ਬੇਸ਼ੱਕ ਮਾਮਲਾ ਕਾਫੀ ਪੇਚੀਦਾ ਹੋ ਗਿਆ ਹੈ ਪਰ ਕਾਂਗਰਸ ਹਾਈਕਮਾਨ ਨੇ ਸਾਰੇ ਕਾਟੋ ਕਲੇਸ਼ ਨੂੰ ਸਮੇਟਣ ਲਈ ਪੰਜਾਬ ਦੀ ਕਮਾਨ ਸਿੱਧੇ ਤੌਰ ’ਤੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਰਾਹੁਲ ਗਾਂਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਾਗ਼ੀ ਸੁਰ ਰੱਖਣ ਵਾਲੇ ਵਿਧਾਇਕਾਂ ਤੇ ਵਜ਼ੀਰਾਂ ਦੀ ਗੱਲ ਸਿੱਧੇ ਤੌਰ ’ਤੇ ਸੁਣ ਰਹੇ ਹਨ। ਕੈਪਟਨ ਇਸ ਕਾਰਵਾਈ ਤੋਂ ਕਾਫੀ ਖਫਾ ਹਨ।

ਪਤਾ ਲੱਗਾ ਹੈ ਕਿ ਵਿਧਾਇਕਾਂ ਤੇ ਮੰਤਰੀਆਂ ਨੇ ਕੈਪਟਨ ਦੀ ਕਾਰਗੁਜ਼ਾਰੀ ਤੇ ਕਾਰਜ ਸ਼ੈਲੀ ਨੂੰ ਰਾਹੁਲ ਗਾਂਧੀ ਕੋਲ ਨਿਸ਼ਾਨੇ ’ਤੇ ਰੱਖਿਆ। ਬਾਗੀ ਲੀਡਰਾਂ ਨੇ ਬੇਅਦਬੀ ਮਾਮਲੇ, ਭ੍ਰਿਸ਼ਟਾਚਾਰ, ਨਸ਼ਾ ਤਸਕਰੀ, ਅਫ਼ਸਰਸ਼ਾਹੀ ਦੇ ਦਬਦਬੇ ਤੇ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਤੇ ਲੋਕਾਂ ਨਾਲ ਰਾਬਤਾ ਨਾ ਰੱਖੇ ਜਾਣ ਦੀ ਗੱਲ ਆਖੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਰਾਹੁਲ ਗਾਂਧੀ ਨੂੰ ਮਿਲ ਰਹੇ ਹਨ।

ਉਧਰ, ਪਾਰਟੀ ਹਾਈ ਕਮਾਂਡ ਵੱਲੋਂ ਬਣਾਈ ਖੜਗੇ ਕਮੇਟੀ ਦੀ ਮੀਟਿੰਗ ਵਿੱਚ ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉੱਪ ਮੁੱਖ ਮੰਤਰੀ ਬਣਾਉਣ ਲਈ ਤਿਆਰ ਨਹੀਂ ਪਰ ਸਿੱਧੂ ਨੂੰ ਮੰਤਰੀ ਬਣਾਉਣ ’ਤੇ ਕੋਈ ਇਤਰਾਜ਼ ਨਹੀਂ। ਮੀਟਿੰਗ ਵਿੱਚ ਅਮਰਿੰਦਰ ਨੇ ਸਿੱਧੂ ਵੱਲੋਂ ਮੀਡੀਆ ’ਚ ਦਿੱਤੇ ਗਏ ਬਿਆਨਾਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਸਿੱਧੂ ਨੇ ਵੀ ਖੜਗੇ ਕਮੇਟੀ ਸਾਹਮਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝੀ ਬੈਠਕ ’ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

LEAVE A REPLY

Please enter your comment!
Please enter your name here