ਬੁਢਲਾਡਾ 22 ਜੂਨ(ਸਾਰਾ ਯਹਾਂ/ਅਮਨ ਮੇਹਤਾ )- ਕੌਮੀ ਪੱਧਰ ਦੀ ਵਜ਼ੀਫ਼ਾ ਪ੍ਰੀਖਿਆ ਵਿੱਚ ਜ਼ਿਲ੍ਹਾ ਮਾਨਸਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।ਅੰਜੂ ਗੁਪਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ(ਐੱਨ.ਐੱਮ.ਐੱਸ.ਐੱਸ ) ਦੀ ਪ੍ਰੀਖਿਆ ਕਰਵਾਈ ਜਾਂਦੀ ਹੈ ਜੋ ਕਿ ਸਰਕਾਰੀ ਸਕੂਲਾਂ ਵਿੱਚ ਪਡ਼੍ਹਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੁੰਦੀ ਹੈ।ਸੈਸ਼ਨ 2020-21 ਵਿੱਚ ਕਰਵਾਈ ਗਈ ਐੱਨ.ਐੱਮ.ਐੱਮ.ਐੱਸ. ਦੀ ਪ੍ਰੀਖਿਆ ਵਿੱਚ ਜ਼ਿਲ੍ਹਾ ਮਾਨਸਾ ਦੇ 73 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ।ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐੱਨ.ਐੱਮ.ਐਮ.ਐੱਸ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਨੌੰਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ 12000 ਰੁਪਏ ਪ੍ਰਤੀ ਸਾਲ ਦੇ ਅਨੁਸਾਰ ਚਾਰ ਸਾਲ ਵਿੱਚ ਕੁੱਲ 48000 ਰਪਏ ਦੀ ਵਜ਼ੀਫ਼ਾ ਰਾਸ਼ੀ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਵਜ਼ੀਫਾ ਪ੍ਰੀਖਿਆ ਸਿਰਫ਼ ਤੇ ਸਿਰਫ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਹੀ ਹੁੰਦੀ ਹੈ।ਰੁਪਿੰਦਰ ਸਿੰਘ ਸਾਬਕਾ ਡੀ. ਐੱਮ ਗਣਿਤ ਮਾਨਸਾ ਨੇ ਕਿਹਾ ਕਿ ਸੈਸ਼ਨ 2020-21 ਵਿੱਚ ਕੌਮੀ ਪੱਧਰ ਦੀ 180 ਅੰਕਾਂ ਦੀ ਵਜ਼ੀਫ਼ਾ ਪ੍ਰੀਖਿਆ ਵਿੱਚ ਹਰਮਨਦੀਪ ਕੌਰ ਸਰਕਾਰੀ ਮਿਡਲ ਸਮਾਰਟ ਸਕੂਲ ਪਿਪਲੀਆਂ ਨੇ 125 ਅੰਕ,ਰਾਜਪਾਲ ਕੌਰ ਸਰਕਾਰੀ ਹਾਈ ਸਮਾਰਟ ਸਕੂਲ ਹਾਕਮਵਾਲਾ ਨੇ 114 ਅੰਕ ਅਤੇ ਹਵਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੰਡੂਕੇ ਨੇ 113 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਮਾਨਸਾ ਵਿੱਚ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ । ਬਲਵੀਰ ਸਿੰਘ ਸੱਗੂ ਡੀ. ਐੱਮ. ਗਣਿਤ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਸਾ ਵਿੱਚ ਸਭ ਤੋਂ ਵੱਧ ਸਰਕਾਰੀ ਹਾਈ ਸਮਾਰਟ ਸਕੂਲ ਗੁੜੱਦੀ (ਮਾਨਸਾ )ਦੇ ਪੰਜ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੀਰੋ ਕਲਾਂ ਦੇ ਚਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਬੁਢਲਾਡਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਜੋਗਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਸਰਦੂਲਗੜ੍ਹ,ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੰਡੂਕੇ ਦੇ ਤਿੰਨ -ਤਿੰਨ ਵਿਦਿਆਰਥੀਆਂ ਨੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਪ੍ਰਾਪਤੀ ਲਈ ਅੰਜੂ ਗੁਪਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਮੁੱਖੀ ਅਤੇ ਸਮੂਹ ਸਟਾਫ਼ ਦੀ ਪ੍ਰਸੰਸਾ ਕੀਤੀ।ਇਸ ਪ੍ਰਾਪਤੀ ਲਈ ਉਨ੍ਹਾਂ ਸਮੂਹ ਬਲਾਕ ਨੋਡਲ ਅਫ਼ਸਰ , ਪ੍ਰੀਖਿਆ ਨਾਲ ਜੁੜੇ ਡੀ.ਐੱਮ ਸਾਹਿਬਾਨ ,ਸਮੂਹ ਬੀ. ਐੱਮ ਸਾਹਿਬਾਨ ਅਤੇ ਰਿਸੋਰਸ ਪਰਸਨ ਦੀ ਵੀ ਵਿਸ਼ੇਸ਼ ਤੌਰ ‘ਤੇ ਪ੍ਰਸੰਸਾ ਕੀਤੀ