*ਭਾਰਤ ਪਾਕਿਸਤਾਨ ਵਰਗੇ ਮੁਲਕਾਂ ਦੇ ਲੋਕਾਂ ਨੂੰ ਬਹੁਤ ਰੋਗ ਔਲੇ, ਸੇਬ, ਕਰੌਂਦੇ, ਗਾਜਰ, ਬਿਲ ਆਦਿ ਦੇ ਮੁਰੱਬਿਆਂ ਨੇ ਵੀ ਲਾਏ ਹਨ*

0
15

ਭਾਰਤ ਪਾਕਿਸਤਾਨ ਵਰਗੇ ਮੁਲਕਾਂ ਦੇ ਲੋਕਾਂ ਨੂੰ ਬਹੁਤ ਰੋਗ ਔਲੇ, ਸੇਬ, ਕਰੌਂਦੇ, ਗਾਜਰ, ਬਿਲ ਆਦਿ ਦੇ ਮੁਰੱਬਿਆਂ ਨੇ ਵੀ ਲਾਏ ਹਨ। ਇੱਥੇ ਬੜੀਆਂ ਮਸ਼ਹੂਰ ਕੰਪਨੀਆਂ ਜਾਂ ਮਸ਼ਹੂਰ ਵੈਦ, ਹਕੀਮ, ਨੈਚਰੋਪੈਥ, ਹੋਮੋਪੈਥ ਤੇ ਕੁੱਝ ਐਲੋਪੈਥਿਕ ਡਾਕਟਰ ਵੀ ਲੋਕਾਂ ਨੂੰ ਕਮਜ਼ੋਰੀ, ਕਬਜ਼, ਸਿਰਦਰਦ, ਬੀਪੀ ਘਟਣਾ, ਸ਼ੂਗਰ ਘਟਣਾ ਆਦਿ ਤੋਂ ਦੱਸ ਦਿੰਦੇ ਹਨ।
ਮੁਰੱਬਿਆਂ ਦੀ ਕਾਢ ਯੁਨਾਨ ਦੇ ਅਯਾਸ਼ ਰਾਜਿਆਂ ਨੂੰ ਖੁਸ਼ ਕਰਨ ਲਈ ਉਥੋਂ ਦੇ ਹਕੀਮਾਂ ਨੇ ਕੱਢੀ ਸੀ। ਉਦੋਂ ਸ਼ੁੱਧ ਸ਼ਹਿਦ ਵਿਚ ਬਿਨਾਂ ਗਰਮ ਕੀਤਿਆਂ ਚੰਗੀ ਤਰ੍ਹਾਂ ਢਕਕੇ ਬੜੀ ਹੀ ਸਫਾਈ ਨਾਲ ਬਹੁਤ ਸਾਲਾਂ ਤੱਕ ਹਨੇਰੇ ਚ ਰੱਖਕੇ ਮੁਰੱਬੇ ਤਿਆਰ ਕੀਤੇ ਜਾਂਦੇ ਸੀ। ਉਹਨਾ ਚ ਕੁੱਝ ਕੁਦਰਤੀ ਜੜੀ ਬੂਟੀਆਂ ਵੀ ਪਾਉਂਦੇ ਸੀ।
ਇਹ ਹਰ ਇੱਕ ਨੂੰ ਖਾਣ ਲਈ ਨਹੀਂ ਦਿੱਤੇ ਜਾਂਦੇ ਸੀ। ਜੇ ਦਿੱਤੇ ਵੀ ਜਾਂਦੇ ਸੀ, ਬਹੁਤ ਥੋੜ੍ਹੀ ਮਾਤਰਾ ਵਿੱਚ ਦਿੱਤੇ ਜਾਂਦੇ ਸੀ। ਅੱਜ ਵਾਂਗ ਇਹਨੂੰ ਮਠਿਆਈ ਵਾਂਗ ਨਹੀਂ ਖਾਧਾ ਜਾਂਦਾ ਸੀ।
ਹੁਣ ਦੇ ਨੀਮ ਹਕੀਮਾਂ ਨੇ ਇਹ ਹਰ ਇੱਕ ਨੂੰ ਹੀ ਖਾਣ ਲਾ ਦਿੱਤਾ ਹੈ। ਇਸਦੇ ਇਲਾਵਾ ਹੁਣ ਸਸਤੇ ਖ਼ਰੀਦੇ ਫਲਾਂ ਨੂੰ ਖਤਰਨਾਕ ਖੰਡ ਜਾਂ ਨਕਲੀ ਸ਼ਹਿਦ ਚ ਗਲਤ ਤਰੀਕੇ ਨਾਲ ਬਣਾਇਆ ਜਾਂਦਾ ਹੈ ਤੇ ਬਿਨਾਂ ਕਿਸੇ ਮੈਡੀਕਲ ਜਾਂਚ ਦੇ ਲੋਕਾਂ ਨੂੰ ਵੈਸੇ ਹੀ ਰੋਜ਼ਾਨਾ ਖਾਣੇ ਵਜੋਂ ਖਾਣ ਲਈ ਕਹਿ ਦਿੱਤਾ ਜਾਂਦਾ ਹੈ।
ਅਸਲ ਵਿੱਚ ਇਹ ਸਭ ਫਲ ਸਿਰਫ ਕੱਚੇ ਹੀ ਖਾਣਯੋਗ ਹੁੰਦੇ ਹਨ। ਇਹਨਾਂ ਵਿੱਚ ਅਨੇਕ ਮਿਨਰਲਜ਼, ਵਿਟਾਮਿਨਜ਼, ਅਮਾਇਨੋ ਐਸਿਡਜ਼, ਫਾਇਬਰਜ਼, ਫੈਟੀ ਐਸਿਡਜ਼, ਫਾਇਟੋ ਨਿਉਟਰੀਐਂਟਸ ਆਦਿ ਹੁੰਦੇ ਹਨ ਜੋ ਕਿ ਥੋੜ੍ਹਾ ਗਰਮ ਕਰਨ, ਧੁੱਪੇ ਰੱਖਣ, ਉਬਾਲਣ, ਸੇਕਣ, ਸਟੀਮ ਕਰਨ ਨਾਲ ਵੀ ਖਰਾਬ ਹੋ ਜਾਂਦੇ ਹਨ।
ਕੁੱਝ ਤੱਤ ਤਾਂ ਅਜਿਹੇ ਵੀ ਹੁੰਦੇ ਹਨ ਜੋ ਖੰਡ ਨਾਲ ਮਿਲਕੇ ਉਲਟਾ ਜ਼ਹਿਰੀਲੇ ਹੋ ਜਾਂਦੇ ਹਨ। ਮੁਰੱਬੇ ਬਣਾਉਣ ਲੱਗਿਆਂ ਵੀ ਅਜਿਹਾ ਕੋਈ ਮਾਪਦੰਡ ਨਹੀਂ ਅਪਣਾਇਆ ਜਾ ਸਕਦਾ ਜਿਸ ਨਾਲ ਇਹਨਾਂ ਫਲਾਂ ਦੇ ਕੁਦਰਤੀ ਸਿਹਤਵਰਧਕ ਤੱਤ ਬਚਾਏ ਜਾ ਸਕਣ।
ਕਿਸੇ ਵੀ ਤਰਾਂ ਦੇ ਮਿੱਠੇ ਦੇ ਘੋਲ ਵਿੱਚ ਇਹਨਾਂ ਕੁਦਰਤੀ ਫਲਾਂ ਨੂੰ ਡੋਬ ਕੇ ਰੱਖਣ ਨਾਲ ਇਹ ਜਿਗਰ, ਗੁਰਦੇ, ਮਿਹਦੇ, ਅੰਤੜੀਆਂ ਆਦਿ ਦਾ ਭਾਰੀ ਨੁਕਸਾਨ ਕਰਦੇ ਹਨ।
ਬਹੁਤ ਲੋਕ ਮੁਰੱਬੇ ਦੀ ਫਾਲਤੂ ਮਿਠਾਸ ਨੂੰ ਧੋਕੇ ਖਾਣਾ ਪਸੰਦ ਕਰਦੇ ਹਨ ਲੇਕਿਨ ਉਹ ਨਹੀਂ ਜਾਣਦੇ ਕਿ ਅਜਿਹੇ ਖੰਡ ਦੇ ਘੋਲ ਚ ਡੁਬੋਅ ਕੇ ਰੱਖਿਆ ਗਿਆ ਕੋਈ ਵੀ ਫਲ ਖਾਣਯੋਗ ਹੀ ਨਹੀਂ ਰਹਿੰਦਾ ਬਲਕਿ ਉਸਤੋਂ ਕਈ ਰੋਗ ਲੱਗਣ ਦੇ ਖਤਰੇ ਵਧ ਜਾਂਦੇ ਹਨ।
ਕੁੱਝ ਲੋਕਾਂ ਨੂੰ ਸਲਫ਼ਰ ਰਹਿਤ ਜਾਂ ਹੋਰ ਦੇਸੀ ਤਰੀਕੇ ਨਾਲ ਬਣਾਈ ਖੰਡ ਦੇ ਚੱਕਰ ਚ ਪਾਕੇ ਵੀ ਮੁਰੱਬੇ, ਗੁਲਕੰਦ, ਆਂਵਲਾ ਕੈਂਡੀ ਆਦਿ ਤੇ ਲਾਇਆ ਜਾ ਰਿਹਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਖੰਡ, ਬੂਰਾ ਖੰਡ, ਦੇਸੀ ਖੰਡ, ਗੁੜ, ਸ਼ੱਕਰ ਜਾਂ ਕਿਸੇ ਵੀ ਤਰ੍ਹਾਂ ਦਾ ਮਿੱਠਾ ਫ਼ਲਾਂ ਦੀ ਗੁਣਵੱਤਾ ਨੂੰ ਵੀ ਖ਼ਰਾਬ ਕਰਦਾ ਹੈ ਤੇ ਮਿਹਦੇ, ਜਿਗਰ, ਅੰਤੜੀਆਂ, ਪੈਂਕਰੀਆਜ਼, ਗੁਰਦੇ, ਮਸਾਨੇ, ਪਿੱਤੇ, ਦੰਦਾਂ ਆਦਿ ਦਾ ਵੀ ਭਾਰੀ ਨੁਕਸਾਨ ਕਰਦਾ ਹਨ।
ਪੂਰੇ ਭਾਰਤ ਦੇ ਦੁਕਾਨਦਾਰ ਕੱਚ ਜਾਂ ਪਲਾਸਟਿਕ ਦੇ ਡੱਬਿਆਂ ਵਿੱਚ ਵੱਖ ਵੱਖ ਤਰਾਂ ਦੇ ਮੁਰੱਬੇ ਆਮ ਲੋਕਾਂ ਵਾਸਤੇ ਦੁਕਾਨ ਦੇ ਬਾਹਰ ਹੀ ਟੇਬਲ ਤੇ ਸਜਾ ਕੇ ਰਖਦੇ ਹਨ। ਬਹੁਤ ਲੋਕ ਇਹਨਾਂ ਤੋਂ ਆਪਣੇ ਆਪ ਹੀ ਵੱਡੀ ਪੱਧਰ ਤੇ ਅਜਿਹੇ ਮੁਰੱਬੇ ਖਰੀਦਦੇ ਹਹਨ
ਕੁੱਝ ਤਾਂ ਤਿਉਹਾਰਾਂ ਦੇ ਦਿਨਾਂ ਵਿੱਚ ਮਠਿਆਈਆਂ ਦੀ ਬਿਜਾਇ ਅਜਿਹੇ ਮੁਰੱਬੇ ਰਿਸ਼ਤੇਦਾਰਾਂ ਨੂੰ ਵੰਡਦੇ ਹਨ। ਉਹ ਨਕਲੀ ਰੰਗਾਂ, ਨਕਲੀ ਦੁੱਧ, ਨਕਲੀ ਫਲੇਅਵਰਜ਼, ਨਕਲੀ ਮਿਠਾਸ ਆਦਿ ਵਾਲੀਆਂ ਮਠਿਆਈਆਂ ਨਾਲੋਂ ਮੁਰੱਬਿਆਂ ਨੂੰ ਸਿਹਤਵਰਧਕ ਸਮਝਦੇ ਹਨ। ਜਦੋਂ ਕਿ ਇਹ ਵੀ ਉਨੇ ਹੀ ਖਤਰਨਾਕ ਹਨ।
ਅਕਸਰ ਹੀ ਇਹ ਦੁਕਾਨਦਾਰਾਂ ਦੇ ਨੌਕਰਾਂ ਵੱਲੋਂ ਬਹੁਤ ਹੀ ਗੰਦੇ ਹੱਥਾਂ, ਗੰਦੇ ਬਰਤਨਾਂ ਅਤੇ ਘਟੀਆ ਕੁਆਲਿਟੀ ਦੇ ਫਲਾਂ ਦੇ ਬਣਾਏ ਜਾਂਦੇ ਹਨ। ਦੁਕਾਨਦਾਰਾਂ ਕੋਲ ਖੁੱਲੀਆਂ ਹਵਾਦਾਰ ਥਾਵਾਂ ਵੀ ਨਹੀਂ ਹੁੰਦੀਆਂ। ਇਉਂ ਬਹੁਤ ਭੀੜੇ ਗਰਮ ਕਮਰਿਆਂ ਚ ਬਹੁਤ ਸਸਤੀ ਲੇਬਰ ਤੋਂ ਮੁਰੱਬੇ ਤਿਆਰ ਕਰਵਾਏ ਜਾਂਦੇ ਹਨ ਤੇ ਬਹੁਤ ਹੀ ਗੰਦੀਆਂ ਥਾਵਾਂ ਤੇ ਰੱਖੇ ਜਾਂਦੇ ਹਨ।
ਉਸ ਤੋਂ ਬਾਅਦ ਇਹਨਾਂ ਦੀ ਮਿਠਾਸ ਕਾਰਨ ਇਹਨਾਂ ਦੇ ਡੱਬਿਆਂ, ਪੀਪਿਆਂ ਜਾਂ ਕੈਨਾਂ ਦੁਆਲੇ ਕਾਕਰੋਚ, ਕਿਰਲੀਆਂ, ਮੱਖੀਆਂ, ਚੂਹੇ, ਬਿੱਲੀਆਂ, ਕੁੱਤੇ, ਕਾਟੋ, ਨਿਉਲੇ ਆਦਿ ਆਉਂਦੇ ਹੀ ਰਹਿੰਦੇ ਹਨ ਤੇ ਕਈ ਵਾਰ ਤਾਂ ਵਿਚ ਵੀ ਡਿੱਗ ਜਾਂਦੇ ਹਨ। ਇਉਂ ਅਜਿਹੇ ਲਾਪ੍ਰਵਾਹੀ ਨਾਲ ਬਣਾਏ ਗਏ ਮੁਰੱਬਿਆਂ ਕਾਰਨ ਅਨੇਕਾਂ ਰੋਗ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ।
ਪਹਿਲੀ ਗੱਲ ਤਾਂ ਅਜਿਹੇ ਮੁਰੱਬੇ ਬਹੁਤ ਹੀ ਪਰਦੇ ਚ ਬਣਾਏ ਜਾਂਦੇ ਹਨ ਲੇਕਿਨ ਫਿਰ ਵੀ ਜੇ ਕਿਤੇ ਤੁਹਾਨੂੰ ਅਜਿਹੇ ਮੁਰੱਬੇ ਬਣਾਉਣ ਵਾਲੇ ਦੇ ਪਲਾਂਟ ਵਿੱਚ ਜਾਣ ਦਾ ਮੌਕਾ ਮਿਲ ਗਿਆ ਤਾਂ ਉਥੋਂ ਦਾ ਹਾਲ ਦੇਖਕੇ ਤੁਸੀਂ ਕਦੇ ਵੀ ਆਪ ਵੀ ਮੁਰੱਬਾ ਨਹੀਂ ਖਾਉਗੇ ਤੇ ਕਿਸੇ ਨੂੰ ਵੀ ਖਾਣ ਲਈ ਨਹੀਂ ਕਹੋਗੇ ।
ਜਦ ਅਸੀਂ ਲੁਧਿਆਣਾ ਰਹਿੰਦੇ ਸਾਂ ਤਾਂ ਉਥੇ ਅਜਿਹੀਆਂ ਚੀਜ਼ਾਂ ਬਣਾਉਣ ਵਾਲਿਆਂ ਦੇ ਘਰਾਂ ਚ ਜਾਂ ਪਲਾਂਟ ਤੇ ਜਾਣ ਦਾ ਸਾਨੂੰ ਬਹੁਤ ਵਾਰੀ ਮੌਕਾ ਮਿਲਿਆ ਸੀ।
ਖਾਸ ਕਰਕੇ ਗਚਕ, ਚਾਕਲੇਟ, ਟੌਫੀਆਂ, ਮਠਿਆਈਆਂ, ਖੋਆ, ਪਨੀਰ, ਕੁਲਫੀਆਂ, ਆਈਸਕ੍ਰੀਮਾਂ, ਜੰਕ ਫੂਡ, ਕੁਰਕੁਰੇ, ਭੁਜੀਆ, ਰਸ, ਕੇਕ, ਬਰੈੱਡ, ਬੋਤਲਬੰਦ ਸੌਸ, ਮੁਰੱਬੇ, ਗੁਲਕੰਦ ਆਦਿ ਬਣਾਉਣ ਵਾਲਿਆਂ ਅਤੇ ਉਹਨਾਂ ਦੇ ਮਜ਼ਦੂਰਾਂ ਨੂੰ ਮਿਲਣ ਦਾ ਮੌਕਾ ਆਮ ਹੀ ਮਿਲ ਜਾਂਦਾ ਸੀ।
ਉਹਨਾਂ ਦੀਆਂ ਲਾਪਰਵਾਹੀਆਂ ਅਤੇ ਗੰਦਗੀ ਦੇਖਣ ਬਾਅਦ ਸਾਨੂੰ ਅਜਿਹੇ ਖਾਣਿਆਂ ਨਾਲ ਨਫ਼ਰਤ ਹੀ ਹੋ ਗਈ। ਫਿਰ ਅਸੀਂ ਉਹਨਾਂ ਤੋਂ ਕੁੱਝ ਸੈਂਪਲ ਲੈ ਕੇ ਜਦ ਉਹਨਾਂ ਦੀ ਗੁਣਵੱਤਾ ਚੈੱਕ ਕੀਤੀ ਤਾਂ ਅਸੀਂ ਹੈਰਾਨ ਹੀ ਰਹਿ ਗਏ। ਕਿਉਂਕਿ ਉਹਨਾਂ ਵਿੱਚ ਅਨੇਕਾਂ ਕਿਟਾਣੂ, ਫੰਗਸ, ਪ੍ਰੋਟੋਜ਼ੋਆ, ਮਿੱਟੀ ਘੱਟਾ ਅਤੇ ਹੋਰ ਜ਼ਹਿਰੀਲੇ ਤੱਤ ਵੀ ਬਹੁਤ ਜ਼ਿਆਦਾ ਸਨ ਜਦੋਂ ਕਿ ਖੰਡ, ਲੂਣ ਅਤੇ ਹੋਰ ਪ੍ਰੈਜ਼ਰਵੇਟਿਵ ਤਾਂ ਬੇਹੱਦ ਜ਼ਿਆਦਾ ਸਨ।
ਅਸਲ ਵਿੱਚ ਕਿਸੇ ਵੀ ਕੱਚੇ ਖਾਣਯੋਗ ਫਲ ਨੂੰ ਤਾਜ਼ਾ ਤੋੜ ਕੇ ਹੀ ਖਾਣਾ ਚਾਹੀਦਾ ਹੈ। ਹੋਰ ਕਿਸੇ ਵੀ ਤਰੀਕੇ ਨਾਲ ਕੈਨਡ, ਡੱਬਾਬੰਦ ਜਾਂ ਪਰਜ਼ੱਰਵਡ ਨਹੀਂ ਖਾਣਾ ਚਾਹੀਦਾ।
ਕੁੱਝ ਪੈਸੇ ਦੇ ਲਾਲਚੀ ਲੋਕਾਂ ਨੇ ਹੀ ਇਹ ਖਤਰਨਾਕ ਕਾਢ ਕੱਢੀ ਹੈ। ਉਹਨਾਂ ਨੂੰ ਪਤਾ ਸੀ ਕਿ ਲੋਕ ਫਲ ਤਾਂ ਖਾਣਾ ਚਾਹੁੰਦੇ ਹਨ ਪਰ ਨਾਲ ਨਾਲ ਸੁਆਦ ਤੇ ਖਾਣ ਚ ਸੌਖ ਵੀ ਚਾਹੁੰਦੇ ਹਨ।
ਇਸ ਲਈ ਉਹਨਾਂ ਨੇ ਲੋਕਾਂ ਨੂੰ ਘਰ ਚ ਜਾਂ ਖੇਤ ਚ ਔਲਾ, ਕਰੌਂਦਾ, ਸੇਬ ਆਦਿ ਦੇ ਬੂਟੇ ਲਾਕੇ ਤਾਜ਼ੇ ਫਲ ਖਾਣ ਦੀ ਮੱਤ ਦੇਣ ਦੀ ਬਿਜਾਇ ਖੁਦ ਬਿਜ਼ਨਸ ਕਰ ਲਿਆ ਤੇ ਲੋਕਾਂ ਨੂੰ ਅਪਣੇ ਪੱਕੇ ਗਾਹਕ ਬਣਾ ਲਿਆ।
ਉਹਨਾਂ ਨੂੰ ਸਿਰਫ ਅਪਣੀ ਆਮਦਨ ਦੀ ਫਿਕਰ ਹੈ, ਉਹਨਾਂ ਨੂੰ ਜ਼ਰਾ ਵੀ ਪ੍ਰਵਾਹ ਨਹੀਂ ਕਿ ਅਜਿਹੇ ਕੁਦਰਤੀ ਸੁੰਦਰ ਸਿਹਤਵਰਧਕ ਫਲਾਂ ਨੂੰ ਇਉਂ ਖਰਾਬ ਕਰਕੇ ਉਹ ਕੁਦਰਤ ਦੇ ਵੀ ਖਿਲਾਫ ਚੱਲ ਰਹੇ ਹਨ ਅਤੇ ਲੋਕਾਂ ਦੀ ਸਿਹਤ ਦਾ ਵੀ ਸਤਿਆਨਾਸ ਕਰ ਰਹੇ ਹਨ।
ਕੁੱਝ ਤਾਂ ਯੂਟਿਊਬ, ਇੰਸਟਾਗ੍ਰਾਮ ਅਤੇ ਫੇਸ ਬੁੱਕ ਆਦਿ ਤੇ ਲੋਕਾਂ ਨੂੰ ਵੰਨ ਸੁਵੰਨੇ ਤਰੀਕੇ ਨਾਲ ਅਜਿਹੇ ਸੁਆਦੀ ਖਾਣਿਆਂ ਨਾਲ ਕੁੱਝ ਹੀ ਦਿਨਾਂ ਚ ਸਿਹਤ ਬਣਾਉਣ ਅਤੇ ਖ਼ਤਰਨਾਕ ਬੀਮਾਰੀਆਂ ਤੋਂ ਬਚਣ ਲਈ ਤਰੀਕੇ ਦੱਸ ਰਹੇ ਹਨ।
ਉਹਨਾਂ ਨੂੰ ਪਤਾ ਹੈ ਕਿ ਕੌੜੀਆਂ ਗੋਲੀਆਂ ਕੋਈ ਵੀ ਨਿੱਕੀ ਮੋਟੀ ਬੀਮਾਰੀ ਵਿੱਚ ਵੀ ਨਹੀਂ ਖਾਣਾ ਚਾਹੁੰਦਾ ਲੇਕਿਨ ਮਿੱਠੀ ਅਤੇ ਸੁਆਦੀ ਖਾਣ ਪੀਣ ਵਾਲੀ ਚੀਜ਼ ਨਾਲ ਹਰ ਬੀਮਾਰੀ ਹਰੇਕ ਹੀ ਠੀਕ ਕਰਨ ਲਈ ਤਿਆਰ ਰਹਿੰਦਾ ਹੈ।
ਥੋੜੇ ਦਿਨ ਪਹਿਲਾਂ ਹੀ ਇੱਕ ਮਰੀਜ਼ ਨੇ ਮੈਨੂੰ ਦੱਸਿਆ ਕਿ ਉਹਨੂੰ ਉਹਦੇ ਕਿਸੇ ਰਿਸ਼ਤੇਦਾਰ ਨੇ ਸ਼ੂਗਰ ਅਤੇ ਬੀਪੀ ਠੀਕ ਕਰਨ ਲਈ ਰੋਜ਼ਾਨਾ ਖ਼ਾਲੀ ਪੇਟ ਔਲੇ ਦਾ ਮੁਰੱਬਾ ਅਤੇ ਦੁਪਹਿਰ ਵੇਲੇ ਸਲਫ਼ਰ ਰਹਿਤ ਖੰਡ ਵਾਲੀ ਗੁਲਕੰਦ ਖਾਣ ਕਿਹਾ।
ਉਸ ਮਰੀਜ਼ ਨੇ ਕਰੀਬ ਡੇਢ ਕੁ ਮਹੀਨਾ ਹੀ ਏਦਾਂ ਕੀਤਾ। ਉਸਦੇ ਪੈਰਾਂ ਤੇ ਸੋਜ਼ ਆਉਣ ਲੱਗ ਪਈ। ਬੀਪੀ ਵਧਣ ਲੱਗ ਪਿਆ ਤੇ ਪਿਸ਼ਾਬ ਘਟਣ ਲੱਗ ਪਿਆ। ਹੁਣ ਉਹਦੇ ਕਰੀਏਟੀਨਾਈਨ ਕਾਫ਼ੀ ਵਧਣ ਲੱਗ ਪਈ ਹੈ ਤੇ ਉਸਦੀ ਸ਼ੂਗਰ ਢਾਈ ਤਿੰਨ ਸੌ ਖਾਲੀ ਪੇਟ ਰਹਿਣ ਲੱਗ ਪਈ ਹੈ। ਉਹਦੀ ਨਿਗ੍ਹਾ ਘਟ ਗਈ ਹੈ।
ਕਿਸੇ ਵੀ ਫਲ ਜਾਂ ਫੁੱਲ ਦਾ ਮੁਰੱਬਾ, ਜੈਲੀ, ਗੁਲਕੰਦ, ਕੈਂਡੀ, ਕੇਕ, ਚਵਨਪ੍ਰਾਸ਼, ਚਾਕਲੇਟ, ਟੌਫੀ, ਬੋਤਲਬੰਦ ਜੂਸ ਜਾਂ ਡੱਬਾਬੰਦ ਕੋਈ ਵੀ ਫਲ ਆਦਿ ਵੀ ਨਹੀਂ ਖਾਣਾ ਪੀਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਫਲ ਦੀ ਗੁਣਵੱਤਾ ਘਟਦੀ ਹੈ।
ਮਤਲਬ ਕਿ ਹਰ ਚੀਜ਼ ਤਾਜ਼ਾ ਹੀ ਤੇ ਕੁਦਰਤੀ ਹੀ ਖਾਧੀ ਜਾਣੀ ਚਾਹੀਦੀ ਹੈ। ਇਵੇਂ ਹੀ ਫਲਾਂ ਦੇ ਜੂਸ ਦੀ ਬਿਜਾਇ ਫਲ ਹੀ ਖਾਣੇ ਚਾਹੀਦੇ ਹੁੰਦੇ ਹਨ ਯਾਨਿ ਕਿ ਜਦ ਤੱਕ ਦੰਦ ਹਨ ਤਦ ਤੱਕ ਦੰਦਾਂ ਨਾਲ ਚਬਾਅ ਕੇ ਹੀ ਫਲ ਖਾਣੇ ਚਾਹੀਦੇ ਹਨ। ਤਾਂ ਕਿ ਦੰਦ ਵੀ ਠੀਕ ਰਹਿਣ ਤੇ ਫਲ ਖਾਣ ਦਾ ਲਾਭ ਵੀ ਜ਼ਿਆਦਾ ਮਿਲੇ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
94630-38229, 94654-12596
ਸੱਚੇ ਸਿੱਖ ਵਾਂਗ ਦਿਲੋਂ ਵੀ ਸਭ ਦਾ ਭਲਾ ਸੋਚੋ ਤੇ ਰੋਜ਼ਾਨਾ ਕੋਈ ਨਾ ਕੋਈ ਸੱਚਮੁੱਚ ਕਿਸੇ ਦਾ ਭਲਾ ਕਰਨ ਦੀ ਆਦਤ ਵੀ ਪਾਉ। ਕਿਸੇ ਰੇੜੀ ਰਿਕਸ਼ੇ ਵਾਲੇ ਜਾਂ ਮਜ਼ਦੂਰ ਨਾਲ ਪੰਜ ਦਸ ਰੁਪਏ ਪਿੱਛੇ ਕਦੇ ਨਾ ਬਹਿਸੋ। ਬਲਕਿ ਉਹਨੂੰ ਵੱਧ ਹੀ ਦੇ ਦਿਉ। ਤੁਹਾਨੂੰ ਅੰਦਾਜ਼ਾ ਲਾਉਣਾ ਚਾਹੀਦਾ ਹੈ ਕਿ ਬਹੁਤ ਥੋੜੀ ਆਮਦਨ ਨਾਲ ਉਹ ਜ਼ਿੰਦਗੀ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਦਾ ਹੋਵੇਗਾ। ਵਿਹਲੜ ਭਿਖਾਰੀਆਂ ਨੂੰ ਪੈਸੇ ਦੇਣ ਦੀ ਬਜਾਏ ਹੱਥੀਂ ਮਿਹਨਤ ਕਰਨ ਵਾਲੇ ਨੂੰ ਥੋੜੇ ਵੱਧ ਖੁਸ਼ੀ ਨਾਲ ਦੇ ਦਿਉ ਤੇ ਉਹਨੂੰ ਇਹ ਵੀ ਕਹਿ ਦਿਉ ਅੱਜ ਅਪਣੀ ਪਤਨੀ, ਬੱਚਿਆਂ ਜਾਂ ਬਜ਼ੁਰਗ ਮਾਪਿਆਂ ਵਾਸਤੇ ਕੋਈ ਫਲ ਲੈ ਜਾਈਂ।

LEAVE A REPLY

Please enter your comment!
Please enter your name here