*ਬੁਢਲਾਡਾ ਵਿਖੇ ਪੀੜਤ ਲੜਕੀ ਤੇ ਉਸਦੇ ਪਰਿਵਾਰ ਤੋਂ ਲਿਆ ਘਟਨਾ ਬਾਰੇ ਜਾਇਜ਼ਾ..!ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਨੇ ਪੁਲਿਸ ਕੋਲੋਂ 7 ਦਿਨਾਂ ਅੰਦਰ ਰਿਪੋਰਟ ਮੰਗੀ*

0
114

ਬੁਢਲਾਡਾ/ਮਾਨਸਾ, 16 ਜੂਨ (ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਬੁਢਲਾਡਾ ਵਿਖੇ ਪਿਛਲੇ ਦਿਨੀਂ ਇੱਕ ਲੜਕੀ ਦੇ ਜਿਣਸੀ ਸੋਸ਼ਣ ਦੀ ਵਾਪਰੀ ਘਟਨਾ ਅਤੇ ਸੋਸ਼ਲ ਮੀਡੀਆ ’ਤੇ ਪੀੜਤ ਲੜਕੀ ਦੀਆਂ ਤਸਵੀਰਾਂ ਵਾਇਰਲ ਕਰਨ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪੁਲਿਸ ਕੋਲੋਂ 7 ਦਿਨਾਂ ਦੇ ਅੰਦਰ ਅੰਦਰ ਕੇਸ ਦੀ ਸਟੇਟਸ ਰਿਪੋਰਟ ਮੰਗੀ ਹੈ। ਮੀਡੀਆ ਦੇ ਇੱਕ ਹਿੱਸੇ ਵਿੱਚ ਪ੍ਰਕਾਸ਼ਿਤ ਹੋਈਆਂ ਖਬਰਾਂ ਦਾ ਸੂਅੋ ਮੋਟੋ ਲੈਂਦਿਆਂ ਡਾ. ਸਿਆਲਕਾ ਨੇ ਪੀੜਤ ਲੜਕੀ ਦੇ ਘਰ ਪਹੁੰਚ ਕੇ ਉਸ ਦਾ ਹਾਲ ਚਾਲ ਪੁੱਛਿਆ ਅਤੇ ਪੀੜਤ ਤੇ ਉਸਦੇ ਪਰਿਵਾਰ ਤੋਂ ਘਟਨਾ ਬਾਰੇ ਜਾਣਕਾਰੀ ਲਈ। ਪੀੜਤਾ ਤੇ ਉਸ ਦੇ ਪਰਿਵਾਰ ਨੂੰ ਕਮਿਸ਼ਨ ਦੀ ਤਰਫੋਂ ਹਰੇਕ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਜਿੰਮੇਵਾਰ ਵਿਅਕਤੀ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਕਾਰਵਾਈ ’ਤੇ ਵੀ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਪੀੜਤ ਲੜਕੀ ਦੀ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਸਿਆਲਕਾ ਨੇ ਕਿਹਾ ਕਿ ਪੀੜਤਾ ਦੀਆਂ ਤਸਵੀਰਾਂ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੇ ਕਥਿਤ ਦੋਸ਼ੀ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਦੇ ਹੋਏ, ਉਸ ਨੂੰ ਗ੍ਰਿਫਤਾਰ ਕਰਨ ਅਤੇ ਸੋਸ਼ਣ ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਡੀ.ਐਸ.ਪੀ ਬੁਢਲਾਡਾ ਨੂੰ 7 ਦਿਨਾਂ ਦੇ ਅੰਦਰ ਅੰਦਰ ਕਮਿਸ਼ਨ ਵਿਖੇ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਦੇ ਆਧਾਰ ’ਤੇ ਕਮਿਸ਼ਨ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀੜਤ ਦੇ ਮਾਪਿਆਂ ਦੀ ਆਰਥਿਕ ਮਦਦ ਲਈ ਪੰਜਾਬ ਭਲਾਈ ਵਿਭਾਗ ਨੂੰ ਵੀ ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤਾ ਨੇ ਕਥਿਤ ਦੋਸ਼ੀ ਦੁਆਰਾ ਉਸਦੀ (ਪੀੜਤਾ ਦੀ) ਭੈਣ ਨਾਲ ਕੀਤੀ ਗਈ ਛੇੜਛਾੜ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਤਮ ਹੱਤਿਆ ਕਰਨ ਲਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ।
ਇਸ ਮੌਕੇ ਡਾ. ਸਿਆਲਕਾ ਦੇ ਨਾਲ ਸੀਨੀਅਰ ਆਗੂ ਸ਼੍ਰੀਮਤੀ ਰਣਜੀਤ ਕੌਰ ਭੱਟੀ, ਸ਼੍ਰੀਮਤੀ ਹਰਮਿੰਦਰ ਕੌਰ ਸਿੱਧੂ, ਡੀ.ਐਸ.ਪੀ ਬੁਢਲਾਡਾ ਪ੍ਰਭਜੋਤ ਕੌਰ, ਸ਼੍ਰੀ ਸਤਨਾਮ ਸਿੰਘ ਗਿੱਲ, ਤਹਿਸੀਲ ਭਲਾਈ ਅਫ਼ਸਰ ਸ਼੍ਰੀ ਪਰਦੀਪ, ਵੱਖ ਵੱਖ ਕੌਂਸਲਰਾਂ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here