ਬੁਢਲਾਡਾ 10 ਜੂਨ (ਸਾਰਾ ਯਹਾਂ/)ਅਮਨ ਮਹਿਤਾ): ਉੱਚ ਡਿਗਰੀਆਂ ਪ੍ਰਾਪਤ ਕਰਕੇ ਨੌਜਵਾਨ ਸਰਕਾਰ ਤੋਂ ਨੌਕਰੀ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਨਿੱਤ ਦਿਨ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ। ਉਥੇ ਦੇਸ਼ ਲਈ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਵੀ ਸਰਕਾਰ ਦੀ ਬੇਰੁਖ਼ੀ ਦੇ ਕਾਰਨ ਮਜਦੂਰੀ ਕਰਨ ਨੂੰ ਮਜਬੂਰ ਹਨ। ਜਾਣਕਾਰੀ ਅਨੁਸਾਰ ਇੱਥੋ ਨਜ਼ਦੀਕ ਪਿੰਡ ਗੁਰਨੇ ਕਲਾਂ ਦੀ ਇੰਟਰਨੈਸ਼ਨਲ ਕਰਾਟੇ ਖਿਡਾਰਣ ਹਰਦੀਪ ਕੌਰ(23) ਝੋਨਾ ਲਾਉਣ ਲਈ ਮਜਬੂਰ ਹੈ। ਕਰਾਟੇ ਖਿਡਾਰਣ ਹਰਦੀਪ ਕੋਰ ਨੇ ਦੱਸਿਆ ਕਿ ਉਸ ਨੂੰ ਕਰਾਟੇ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਮਲੇਸ਼ੀਆ, ਗੋਆ, ਸਕੂਲੀ ਗੇਮਾਂ ਅਤੇ ਵੱਖ ਵੱਖ ਖੇਡਾ ਅਧੀਨ ਦੇ ਵਿਚ 20 ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਉਹ ਪਟਿਆਲਾ ਦੇ ਇੱਕ ਕਾਲਜ ਵਿਖੇ ਡੀ ਪੀ ਐੱਡ ਕਰ ਰਹੀ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਗੋਲਡ ਮੈਡਲ ਜਿੱਤ ਕੇ ਲੈ ਕੇ ਇਸ ਦਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਵੱਲੋਂ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਜਿਸ ਕਾਰਨ ਉਹ ਆਪਣੀ ਪੜ੍ਹਾਈ ਦੇ ਲਈ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੈ। ਉਨ੍ਹਾਂ ਦੱਸਿਆ ਕਿ ਉਹ ਖੇਡ ਮੰਤਰੀ ਦੇ ਕਹਿਣ ਤੇ ਚਾਰ ਵਾਰ ਚੰਡੀਗਡ਼੍ਹ ਦੇ ਚੱਕਰ ਲਗਾ ਚੁੱਕੀ ਹੈ ਪਰ ਉਸ ਨੂੰ ਫਿਰ ਵੀ ਮੰਤਰੀ ਨਹੀਂ ਮਿਲੇ। ਖਿਡਾਰਣ ਦੇ ਪਿਤਾ ਨੈਬ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਮੰਦੀ ਹੋਣ ਕਾਰਨ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਵੀ ਖਿਡਾਰੀ ਹੋਣ ਦੇ ਬਾਵਜੂਦ ਅੱਜ ਉਨ੍ਹਾਂ ਦੇ ਨਾਲ ਝੋਨਾ ਲਾਉਣ ਦੇ ਲਈ ਮਜਬੂਰ ਹੈ। ਇਸ ਮੌਕੇ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਹਰਦੀਪ ਕੌਰ ਨੇ ਖੇਡਾਂ ਦੇ ਵਿਚ ਜਿੱਥੇ ਆਪਣੇ ਪਿੰਡ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਨੌਕਰੀ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਘਰ ਘਰ ਨੌਕਰੀ ਦੇਣ ਦੇ ਵਾਅਦੇ ਅਨੁਸਾਰ ਇਸ ਬੱਚੀ ਨੂੰ ਨੌਕਰੀ ਦਿੱਤੀ ਜਾਵੇ। ਮੈਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੋਰ ਬਾਦਲ ਨੇ ਟਵਿਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਘਰ ਘਰ ਨੋਕਰੀ ਦੇ ਵਾਅਦੇ ਖੋਖਲੇ ਨਜਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਦੇ ਚਲਦਿਆਂ ਖਿਡਾਰਣ ਹਰਦੀਪ ਕੋਰ ਨੂੰ ਆਪਣੀ ਪੜਾਈ ਜਾਰੀ ਰੱਖਣ ਅਤੇ ਪਰਿਵਾਰ ਦਾ ਸਾਥ ਦੇਣ ਲਈ ਖੇਤਾਂ ਵਿੱਚ ਮਜਦੂਰੀ ਕਰਨੀ ਪੈ ਰਹੀ ਹੈ। ਉਨ੍ਹਾ ਕਿਹਾ ਕਿ ਕੈਪਟਨ ਸਰਕਾਰ ਦੇ ਘਰ ਘਰ ਨੋਕਰੀ ਦੇ ਝੂਠੇ ਵਾਅਦੇ ਹੋਰ ਕਿੰਨੇ ਲੋਕਾਂ ਨੂੰ ਮਜਦੂਰੀਆਂ ਕਰਨ ਲਈ ਮਜਬੂਰ ਕਰਨਗੇ।