ਸਰਦੂਲਗੜ 9 ਜੂਨ (ਸਾਰਾ ਯਹਾਂ/ਬਪਸ): ਸਰਦੂਲਗੜ੍ਹ ਸ਼ਹਿਰ ਚ ਅਕਾਲੀ ਸਰਕਾਰ ਦੌਰਾਨ ਵਿਕਾਸ ਦੇ ਨਾਂ ਤੇ ਹੋਏ ਘਪਲੇ ਦੀ ਜਾਂਚ ਕਰਨ ਲਈ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਵਿਸ਼ੇਸ਼ ਤੌਰ ਤੇ ਸਰਦੂਲਗਡ਼੍ਹ ਪੁੱਜੀ। ਵਿਜੀਲੈਂਸ ਵਿਭਾਗ ਦੇ ਡੀਐੱਸਪੀ ਕੁਲਵੰਤ ਸਿੰਘ ਦੀ ਅਗਵਾਈ ਚ ਚੰਡੀਗੜ ਤੋੰ ਪੁੱਜੀ ਟੀਮ ਨੇ ਵੱਖ-ਵੱਖ ਵਾਰਡਾਂ ਵਿੱਚ ਬਰੀਕੀ ਨਾਲ ਜਾਂਚ ਸੁਰੂ ਕੀਤੀ। ਵਿਜੀਲੈਂਸ ਵਿਭਾਗ ਦੀ ਟੀਮ ਦੇ ਨਾਲ ਮੰਡੀਕਰਨ ਬੋਰਡ ਦੇ ਅਧਿਕਾਰੀ ਵੀ ਹਾਜ਼ਰ ਸਨ। ਤਕਰੀਬਨ ਪੱਚੀ ਮੈਂਬਰਾਂ ਦੀ ਟੀਮ ਨੇ ਵੱਖ-ਵੱਖ ਪਹਿਲੂਆਂ ਤੇ ਜਾਂਚ ਸੁਰੂ ਕੀਤੀ। ਕੁਝ ਸ਼ਹਿਰ ਵਾਸੀਆਂ ਨੇ ਅਕਾਲੀ ਸਰਕਾਰ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਵੱਖ ਵੱਖ ਮਹਿਕਮਿਆਂ ਤੋਂ ਆਰਟੀਆਈ ਐਕਟ ਅਧੀਨ ਜਾਣਕਾਰੀ ਮੰਗੀ ਸੀ।ਜਾਣਕਾਰੀ ਚ ਪਾਇਆ ਗਿਆ ਕਿ ਸ਼ਹਿਰ ਵਿੱਚ ਹੋਏ ਵਿਕਾਸ ਦੌਰਾਨ ਵੱਡੇ ਪੱਧਰ ਤੇ ਘਪਲੇ ਕੀਤੇ ਗਏ ਹਨ । ਸ਼ਹਿਰ ਅੰਦਰ ਕਈ ਵਿਕਾਸ ਕਾਰਜਾਂ ਲਈ ਹੋਏ ਟੈਂਡਰ ਤੋਂ ਕਿਤੇ ਜ਼ਿਆਦਾ ਪੇਮੇਂਟ
ਗੈਰ ਕਾਨੂੰਨੀ ਢੰਗ ਨਾਲ ਪਾਰਟੀਆਂ ਨੂੰ ਕੀਤੀ ਗਈ ਹੈ। ਕਈ ਵਿਕਾਸ ਕਾਰਜਾਂ ਚ ਤਾਂ ਬਿਨਾਂ ਬਿਲਾਂ ਤੋਂ ਹੀ ਸੌ ਪਰਸੈਂਟ ਪੇਮੈਂਟ ਕਰ ਦਿੱਤੀ ਗਈ ਆਰਟੀਆਈ ਚ ਹੋਏ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਸਬੰਧਤ ਵਿਅਕਤੀਆਂ ਨੇ ਵਿਜੀਲੈਂਸ ਵਿਭਾਗ ਤੋਂ ਜਾਂਚ ਦੀ ਮੰਗ ਕੀਤੀ ਸੀ। ਜਿਸ ਨੂੰ ਵੇਖਦਿਆਂ ਵਿਜੀਲੈਂਸ ਵਿਭਾਗ ਨੇ ਇਸ ਦੀ ਜਾਂਚ ਕਰਨ ਲਈ ਬਣਾਈ ਵਿਸ਼ੇਸ਼ ਟੀਮ ਨੇ ਅੱਜ ਸਰਦੂਲਗਡ਼੍ਹ ਪਹੁੰਚਕੇ ਆਪਣੀ ਜਾਂਚ ਸੁਰੂ ਕਰ ਦਿੱਤੀ ਗਈ। ਇਹ ਜਾਂਚ ਨੂੰ ਲੈ ਕੇ ਜਿਥੇ ਸ਼ਹਿਰ ਵਾਸੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਇਹ ਜਾਂਚ ਦੇ ਘੇਰੇ ਵਿੱਚ ਆਉਣ ਵਾਲੇ ਰਾਜਨੀਤਕ ਵਿਅਕਤੀ, ਸਬੰਧਤ ਠੇਕੇਦਾਰ ਅਤੇ ਕੁਝ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਪਣੇ ਤੇ ਡਿੱਗਣ ਵਾਲੀ ਗਾਜ ਦਾ ਡਰ ਸਤਾਉਣ ਲੱਗ ਪਿਆ ਹੈ।