ਮਾਨਸਾ, 9 ਜੂਨ (ਸਾਰਾ ਯਹਾਂ/ਜੋਨੀ ਜਿੰਦਲ): ਚੌਣਾਂ ਨੇੜੇ ਆਉਂਦੀਆਂ ਵੇਖ ਕੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਲੋਕਾਂ ਦਾ ਧਿਆਨ ਖਿੱਚਣ ਲਈ ਮੈਰਿਟ ਅਧਾਰ ਤੇ ਆਨਲਾਈਨ ਸਿਸਟਮ ਦੁਆਰਾ ਜਿੱਥੇ ਰਾਜ ਦੇ ਅਧਿਆਪਕਾਂ ਦੀਆਂ ਬਿਨਾਂ ਸਿਫਾਰਸ਼ ਤੋਂ ਬਦਲੀਆਂ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੁਣ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਨਿੱਤ ਬ-ਦਿਨ ਦੇ ਸਰਕਾਰ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਨੇ ਅੱਜ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਖੇਡ ਸਟੇਡੀਅਮ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਬਦਲੀ ਦੇ ਹੁਕਮਾਂ ਦੀਆਂ ਕਾਪੀਆਂ ਨੂੰ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ। ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਸਰਕਾਰ ਲਈ ਬੜੇ ਸ਼ਰਮ ਦੀ ਗੱਲ ਹੈ ਕਿ 9 ਵਾਰ ਲਗਾਤਾਰ ਲਿਖਤੀ ਹੁਕਮ ਜਾਰੀ ਕਰਕੇ ਵੀ ਬਦਲੀ ਹੋਏ ਅਧਿਆਪਕਾਂ ਨੂੰ ਹਾਜ਼ਰ ਕਰਵਾਉਣ ਲਈ ਸਿੱਖਿਆ ਵਿਭਾਗ ਹਾਲੇ ਤੱਕ ਕੋਈ ਠੋਸ ਫੈਸਲਾ ਨਹੀਂ ਲੈ ਸਕਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਜੰਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸਿੱਖਿਆ ਸਕੱਤਰ ਨੇ 8 ਜੂਨ ਨੂੰ ਬਦਲੀਆਂ ਲਾਗੂ ਕਰਨ ਵਾਰੇ ਕਿਹਾ ਸੀ, ਪਰ ਹੁਣ ਸਰਕਾਰ ਲਗਾਤਾਰ ਲਾਰੇ ਲਾ ਕੇ ਮੁਲਾਜ਼ਮਾਂ ਦੇ ਜ਼ੋਰ ਨੂੰ ਪਰਖਣਾ ਚਾਹੁੰਦੀ ਹੈ। ਜਿਸ ਲਈ ਪੰਜਾਬ ਦੇ ਮੁਲਾਜ਼ਮ ਹੁਣ ਸੜਕਾਂ ਤੇ ਉੱਤਰ ਆਏ ਹਨ। ਰਾਜ ਦੇ ਸਿੱਖਿਆ ਵਿਭਾਗ ਵੱਲੋਂ ਮਿਤੀ 8.04, 14.04, 20.04, 03.05, 10.05, 18.05, 24.05, 31.05 ਅਤੇ 07.06 ਨੂੰ ਵਾਰ-ਵਾਰ ਪੱਤਰ ਜਾਰੀ ਕਰਕੇ ਹਾਜ਼ਰ ਕਰਵਾਉਣ ਦੀ ਤਾਰੀਖ ਵਿੱਚ ਵਾਧਾ ਕਰਕੇ ਖੱਜਲ ਖੁਆਰੀ ਕੀਤੀ ਜਾ ਰਹੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਰਾਜ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਵੱਡਾ-ਵੱਡਾ ਪ੍ਰਚਾਰ ਕਰਨ ਵਾਲੀ ਸਰਕਾਰ ਦੀ ਅਸਲੀਅਤ ਇਹ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਨੇ ਆਪਣੀ ਮਿਹਨਤ ਨਾਲ, ਪਿੰਡ, ਪੰਚਾਇਤਾਂ, ਦਾਨੀ ਸੱਜਣਾ ਦੇ ਸਹਿਯੋਗ ਨਾਲ ਸਮਾਰਟ ਬਣਾਏ ਹਨ ਇੱਥੋਂ ਤੱਕ ਕਿ ਸਰਕਾਰ ਤਾਂ ਹਾਲੇ ਤੱਕ ਆਪਣੇ ਮੁਲਾਜ਼ਮਾਂ ਨੂੰ ਪੇਅ ਕਮੀਸ਼ਨ, ਪੁਰਾਣੀ ਪੈਨਸ਼ਨ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਨਵੀਂ ਭਰਤੀ ਤਹਿਤ 2364 ਅਧਿਆਪਕਾਂ ਦੀ ਭਰਤੀ ਆਦਿ ਕਰਨ ਤੋਂ ਨਾਕਾਮ ਰਹੀ ਹੈ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ, ਵਧਿਆ ਹੋਇਆ ਪੇਅ ਕਮੀਸ਼ਨ, ਪੁਰਾਣੀ ਪੈਨਸ਼ਨ ਆਦਿ ਦੀ ਬਹਾਲੀ ਨਹੀਂ ਕਰਦੀ, ਤਾਂ ਉਹ ਪੰਜਾਬ ਅੰਦਰ ਅਜਿਹਾ ਸੰਘਰਸ਼ ਵਿੱਢਣਗੇ, ਜੋ ਅੱਜ ਤੱਕ ਕਿਸੇ ਸਰਕਾਰ ਨੇ ਸੋਚਿਆ ਵੀ ਨਹੀਂ ਹੋਣਾ। ਇਸ ਮੌਕੇ ਈਟੀਟੀ ਅਧਿਆਪਕ ਜੰਥੇਬੰਦੀ ਮਾਨਸਾ ਦੇ ਜਨਰਲ ਸਕੱਤਰ ਦਿਨੇਸ਼ ਰਿਸ਼ੀ, ਮਰਨ ਵਰਤ ਤੇ ਬੈਠੇ ਆਗੂ ਲਖਵੀਰ ਬੋਹਾ, ਜਸਵੀਰ ਸਿੰਘ ਗੁਰਨੇ, ਦਲਜੀਤ ਸਿੰਘ ਮੱਲ ਸਿੰਘ ਵਾਲਾ,
ਵਿਜੈ ਮਿੱਤਲ ਬਰੇਟਾ, ਅਨਿਲ ਜੈਨ, ਦਰਸ਼ਨ ਭੱਠਲਾਂ, ਗੁਰਿੰਦਰ ਸਿੰਘ ਨਾਹਰਾਂ, ਪੁਨੀਤ ਕੁਮਾਰ, ਅਸ਼ੋਕ ਕੁਮਾਰ, ਅਮਨਦੀਪ ਬੁਢਲਾਡਾ, ਰਾਜੇਸ਼ ਮੋਗਾ, ਮੱਖਣ ਬਰੇ, ਗੁਰਦੀਪ ਟਾਹਲੀਆਂ, ਸੰਜੀਵ ਕੁਮਾਰ ਬੁਢਲਾਡਾ, ਜਸਵੀਰ ਸਿੰਘ ਸਤੀਕੇ, ਮਲਕੀਤ ਸਿੰਘ ਰਿਉਂਦ, ਦਿਆ ਰਾਮ ਅਚਾਨਕ, ਵਿਜੈ ਬੁਢਲਾਡਾ, ਅਮਨ ਬੁਢਲਾਡਾ, ਗੁਰਪਾਲ ਸਿੰਘ ਖੱਤਰੀਵਾਲਾ, ਗੁਰਪ੍ਰੀਤ ਸਿੰਘ, ਭਗਵਾਨ ਸਿੰਘ ਖੱਤਰੀਵਾਲਾ ਆਦਿ ਆਗੂ ਮੌਜੂਦ ਸਨ।