*ਸਮਾਜਿਕ ਸੁਰੱਖਿਆ ਮਾਸਿਕ ਪੈਨਸ਼ਨ ਨੂੰ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਲਈ ਰਾਹ ਪੱਧਰਾ*

0
82

ਚੰਡੀਗੜ੍ਹ, 6 ਜੂਨ,(ਸਾਰਾ ਯਹਾਂ/ਬਿਊਰੋ ਰਿਪੋਰਟ) : ਸਮਾਜਿਕ ਸੁਰੱਖਿਆ ਮਾਸਿਕ ਪੈਨਸ਼ਨ ਨੂੰ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਪੈਨਸ਼ਨ ਵਿੱਚ ਇਹ ਵਾਧਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਨਾਲ 1 ਜੁਲਾਈ ਤੋਂ ਲਾਗੂ ਹੋ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਨੋਟੀਫੀਕੇਸ਼ਨ ਨੇ ਬਜ਼ੁਰਗਾਂ,ਦਿਵਿਆਂਗ ਵਿਅਕਤੀਆਂ, ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਤੋਂ ਇਲਾਵਾ ਆਸਿ਼੍ਰਤ ਬੱਚਿਆਂ ਦੀ ਪੈਨਸ਼ਨ ਦੁੱਗਣੀ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਸਾਲ ਦੇ ਬਜਟ ਸੈਸ਼ਨ ਦੌਰਾਨ ਦ੍ਰਿੜਾਈ ਰਾਜ ਸਰਕਾਰ ਦੀ ਵਚਨਬੱਧਤਾ ਅਨੁਸਾਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਅਧੀਨ ਆਉਂਦੇ ਸਮਾਜ ਦੇ ਪਛੜੇ ਵਰਗਾਂ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਇੱਕ ਲਾਹੇਵੰਦ ਉਪਰਾਲਾ ਹੈ।

ਜਿਕਰਯੋਗ ਹੈ ਕਿ ਮਾਸਿਕ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ (ਦੁੱਗਣੀ )ਕਰਨ ਦੇ ਮੱਦੇਨਜ਼ਰ 2021-22  ਦੌਰਾਨ 4,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ ਜੋ ਕਿ ਸਾਲ 2020-21 ਦੇ 2,320 ਕਰੋੜ ਰੁਪਏ ਦੇ  ਬਜਟਰੀ ਖਰਚਿਆਂ ਮੁਕਾਬਲੇ 72 ਫੀਸਦੀ ਵਾਧਾ ਦਰਸਾਉਂਦਾ ਹੈ।ਸਾਲ 2019-220 ਅਤੇ 2020-21 ਵਿੱਚ ਕ੍ਰਮਵਾਰ 2,089 ਕਰੋੜ ਅਤੇ 2,277 ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਵੰਡੀ ਗਈ, ਜੋ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਸਾਲ 2016-17 ਵਿੱਚ ਦਿੱਤੀ ਮਹਿਜ਼ 747 ਕਰੋੜ ਰੁਪਏ ਦੀ ਪੈਨਸ਼ਨ ਨਾਲੋਂ ਤਿੰਨ ਗੁਣਾ ਵੱਧ ਬਣਦੀ ਹੈ। ਸਾਲ 2020-21 ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 13 ਲੱਖ ਲਾਭਪਾਤਰੀਆਂ ਸਮੇਤ ਕੁੱਲ 25.55 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਗਈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਕੋਵਿਡ ਮਹਾਂਮਾਰੀ ਵਿੱਚ ਅਨਾਥ ਹੋਏ ਸਾਰੇ ਬੱਚਿਆਂ ਲਈ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਦਾ ਐਲਾਨ ਕੀਤਾ ਸੀ। ਇਹ ਉਪਰਾਲਾ  ਉਨ੍ਹਾਂ ਪਰਿਵਾਰਾਂ ਲਈ ਵੀ ਲਾਹੇਵੰਦਾ ਹੈ ਜੋ ਕੋਵਿਡ ਕਾਰਨ ਆਪਣਾ ਕਮਾਊ ਜੀਅ ਗਵਾ ਚੁੱਕੇ ਹਨ।ਇਹ ਲਾਭ 1 ਜੁਲਾਈ, 2021 ਤੋਂ ਦਿੱਤੇ ਜਾਣਗੇ। 

LEAVE A REPLY

Please enter your comment!
Please enter your name here