ਨਵੀਂ ਦਿੱਲੀ 03,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਵਿੱਚ ਮੌਨਸੂਨ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ। ਦੱਖਣੀ-ਪੱਛਮੀ ਮੌਨਸੂਨ ਅੱਜ ਕੇਰਲਾ ਪਹੁੰਚ ਜਾਏਗੀ। ਇਸ ਦੇ ਨਾਲ ਹੀ ਬਾਰਸ਼ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਹੈ। ਬੇਸ਼ੱਕ ਇਸ ਵਾਰ ਚੱਕਰਵਾਤੀ ਤੂਫਾਨਾਂ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਸ਼ ਹੋ ਰਹੀ ਹੈ ਪਰ ਮੌਨਸੂਨ ਦਾ ਸੀਜ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਬਾਰੇ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣੀ-ਪੱਛਮੀ ਮੌਨਸੂਨ ਦੇ ਕੇਰਲਾ ਪਹੁੰਚਣ ਲਈ ਸਥਿਤੀਆਂ ਸਾਜ਼ਗਾਰ ਹਨ ਤੇ ਅੱਜ ਇਹ ਸੂਬੇ ਦੇ ਆਸਮਾਨ ’ਤੇ ਛਾ ਜਾਵੇਗੀ। ਕੇਰਲਾ ’ਚ ਸਥਾਨਕ ਪੱਧਰ ਉਤੇ ਮੀਂਹ ਵੱਖ-ਵੱਖ ਇਲਾਕਿਆਂ ’ਚ ਪਹਿਲਾਂ ਨਾਲੋਂ ਜ਼ਿਆਦਾ ਪੈ ਰਿਹਾ ਹੈ। ਪੱਛਮ ਵੱਲੋਂ ਆਉਂਦੀਆਂ ਹਵਾਵਾਂ ਨੀਵੇਂ ਪੱਧਰ ਉਤੇ ਤੇਜ਼ ਹੋ ਗਈਆਂ ਹਨ। ਅਰਬ ਸਾਗਰ ਦੇ ਦੱਖਣ ਵਿੱਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ’ਚ ਕੇਰਲਾ ਤੱਟ ’ਤੇ ਜ਼ਿਆਦਾ ਬੱਦਲ ਛਾਏ ਨਜ਼ਰ ਆ ਰਹੇ ਹਨ। ਵਿਭਾਗ ਨੇ ਕਿਹਾ ਕਿ ਜਿਹੋ-ਜਿਹੀ ਸਥਿਤੀ ਬਣ ਰਹੀ ਹੈ, ਅਗਲੇ 24 ਘੰਟਿਆਂ ਦੌਰਾਨ ਕੇਰਲਾ ਵਿਚ ਮੀਂਹ ਜ਼ਿਆਦਾ ਪੈਣ ਦੇ ਅਸਾਰ ਬਣ ਰਹੇ ਹਨ। ਇਸ ਲਈ ਇਸੇ ਸਮੇਂ ਦੌਰਾਨ ਕੇਰਲਾ ਵਿਚ ਮੌਨਸੂਨ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ।
ਦੱਸ ਦਈਏ ਕਿ ਆਮ ਤੌਰ ’ਤੇ ਕੇਰਲਾ ਵਿਚ ਮੌਨਸੂਨ ਪਹਿਲੀ ਜੂਨ ਨੂੰ ਦਸਤਕ ਦੇ ਦਿੰਦੀ ਹੈ। ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਮੌਨਸੂਨ ਦੇ 31 ਮਈ ਨੂੰ ਕੇਰਲਾ ਪਹੁੰਚਣ ਦਾ ਅੰਦਾਜ਼ਾ ਲਾਇਆ ਸੀ ਤੇ ਚਾਰ ਦਿਨ ਉਪਰ-ਥੱਲੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ। ਹਾਲਾਂਕਿ 30 ਮਈ ਨੂੰ ਮੌਸਮ ਵਿਭਾਗ ਨੇ ਕਿਹਾ ਸੀ ਕਿ ਹਾਲੇ ਸਥਿਤੀ ਸਾਜ਼ਗਾਰ ਨਹੀਂ ਬਣੀ। ਇਸ ਸਾਲ ਮੌਨਸੂਨ ਦੇ ਆਮ ਵਾਂਗ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।