ਝੁਨੀਰ, 30 ਮਈ (ਸਾਰਾ ਯਹਾਂ/ਬਪਸ ) : ਝੁਨੀਰ ਵਿਖੇ ਨਿਜੀ ਡਾਕਟਰ ਵੱਲੋਂ ਸਮੇਂ ਸਿਰ ਮੁੱਢਲੀ ਸਹਾਇਤਾ ਨਾ ਦੇਣ ਕਾਰਨ ਕਰਕੇ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਸੰਜੀਵ ਸਿੰਗਲਾ ਨੇ ਦੱਸਿਆ ਕਿ ਉਸ ਦੀ ਪਤਨੀ ਕਿਰਨ ਬਾਲਾ (44) ਸ਼ਨੀਵਾਰ ਦੀ ਦੇਰ ਰਾਤ ਅਚਾਨਕ ਬੀਮਾਰ ਹੋ ਗਏ ਤਾਂ ਉਸ ਨੂੰ ਤੁਰੰਤ ਝੁਨੀਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਪਰ ਹਸਪਤਾਲ ਦੇ ਡਾਕਟਰ ਅਤੇ ਦੂਸਰੇ ਅਮਲੇ ਵੱਲੋਂ ਗੇਟ ਹੀ ਨਹੀਂ ਖੋਲ੍ਹਿਆ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਦੇ ਨਿੱਜੀ ਮੋਬਾਈਲ ਨੰਬਰ ਤੇ ਵਾਰ-ਵਾਰ ਕਾਲ ਕੀਤੀ ਗਈ ਪਰ ਡਾਕਟਰ ਨੇ ਉਨ੍ਹਾਂ ਦਾ ਫੋਨ ਵੀ ਨਹੀਂ ਉਠਾਇਆ ਜਿਸ ਕਾਰਨ ਮਰੀਜ਼ ਦੇ ਇਲਾਜ ਚ ਦੇਰੀ ਹੋਣ ਕਾਰਨ ਮਰੀਜ਼ ਅੋੌਰਤ ਦੀ ਮੌਤ ਹੋ ਗਈ। ਮ੍ਰਿਤਕ ਦੇ ਪਤੀ ਸੰਜੀਵ ਕੁਮਾਰ ਸਿੰਗਲਾ ਨੇ ਦੋਸ਼ ਲਗਾਇਆ ਕਿ ਦਿੱਲੀ ਨਰਸਿੰਗ ਹੋਮ ਝੁਨੀਰ ਦੇ ਡਾ ਬਲਵੰਤ ਸਿੰਘ ਕੋਲ ਇਲਾਜ ਚੱਲ ਰਿਹਾ ਸੀ ਪਰ ਲੰਘੀ ਦੇਰ ਰਾਤ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਪਰ ਡਾਕਟਰ ਵੱਲੋ ਸਮੇਂ ਸਿਰ ਤੇ ਇਲਾਜ ਨਾ ਕਰਨ ਕਰਕੇ ਉਸ ਦੀ ਪਤਨੀ ਦੀ ਮੌਤ ਹੋਈ ਹੈ। ਉੱਕਤ ਡਾਕਟਰ ਖਿਲਾਫ ਬਣਦੀ ਕਾਰਵਾਈ ਕਰਾਉਣ ਲਈ ਪਰਿਵਾਰਕ ਮੈਂਬਰਾਂ, ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਝੁਨੀਰ ਵਾਸੀਆਂ ਅਤੇ ਮੋਹਤਵਾਰ ਵਿਅਕਤੀਆਂ ਨੇ ਮ੍ਰਿਤਕ ਦੇਹ ਨੂੰ ਥਾਣਾ ਝੁਨੀਰ ਦੇ ਗੇਟ ਅੱਗੇ ਰੱਖਕੇ ਇਨਸਾਫ ਦੀ ਮੰਗ ਕੀਤੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਡੀ.ਐੱਸ.ਪੀ.
ਸਰਦੂਲਗਡ਼੍ਹ ਅਤੇ ਐਸਐਚਓ ਝੁਨੀਰ ਨੇ ਪੀਡ਼ਤ ਪਰਿਵਾਰ ਦੀ ਗੱਲ ਸੁਣਦਿਆਂ ਉਨ੍ਹਾਂ ਤੋ ਲਿਖਤੀ ਦਰਖਾਸਤ ਲੈਕੇ ਭਰੋਸਾ ਦਿਵਾਇਆ ਕਿ ਉਕਤ ਡਾਕਟਰ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਲਾਇਸੈਸ ਰੱਦ ਕਰਾਉਣ ਦੀ ਕਾਰਵਾਈ ਲਈ ਸਿਹਤ ਵਿਭਾਗ ਨੂੰ ਲਿਖਤੀ ਭੇਜਿਆ ਜਾਵੇਗਾ। ਪਰਿਵਾਰ ਨੂੰ ਭਰੋਸਾ ਦੇਣ ਤੋਂ ਬਾਅਦ ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਇਸ ਮੌਕੇ ਹਾਜ਼ਰ ਪਿੰਡ ਦੇ ਮੋਹਤਬਰ ਵਿਅਕਤੀਆਂ ਕਿਸਾਨ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਸੂਬਾ ਸਰਕਾਰ ਅਤੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਡਾਕਟਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਦਾ ਲਾਇਸੰਸ ਰੱਦ ਕੀਤਾ ਜਾਵੇ ਤਾਂ ਕਿ ਇਸ ਡਾਕਟਰ ਦੀ ਅਣਗਹਿਲੀ ਕਾਰਨ ਕਿਸੇ ਹੋਰ ਮਰੀਜ਼ ਨੂੰ ਮੌਤ ਦੇ ਮੂੰਹ ਚ ਨਾ ਜਾਣਾ ਪਵੇ।ਇਸ ਸੰਬੰਧੀ ਜਦੋਂ ਡਾ ਬਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਫੋਨ ਦੀ ਆਵਾਜ਼ ਬੰਦ ਸੀ ਜਿਸ ਕਾਰਨ ਮੈਨੂੰ ਪਤਾ ਨਹੀਂ ਲੱਗਿਆ ਅਤੇ ਨਾ ਹੀ ਉਨ੍ਹਾਂ ਵੱਲੋ ਖੜਕਾਏ ਗਏ ਬੰਦ ਗੇਟ ਦੀ ਭਿਣਕ ਪਈ ਜੇਕਰ ਮਰੀਜ ਦੇ ਆਉਣ ਦਾ ਮੈਨੂੰ ਪਤਾ ਲੱਗ ਜਾਂਦਾ ਤਾਂ ਮੈਂ ਉਨ੍ਹਾਂ ਦਾ ਇਲਾਜ ਜ਼ਰੂਰ ਕਰਦਾ।