ਮਾਨਸਾ, 29 ਮਈ (ਸਾਰਾ ਯਹਾਂ/ਜੋਨੀ ਜਿੰਦਲ) : ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਨੈਸ਼ਨਲ ਗਾਈਡੈਂਸ ਟੂ ਬਲੱਡ ਟਰਾਂਸਫਿਊਜ਼ਨ ਸਰਵਿਸ ਇਨ ਇੰਡੀਆ ਤਹਿਤ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਵਿਚ ਕਰਫਿਊ/ਲਾਕਡਾਊਨ ਦੌਰਾਨ ਖ਼ੂਨਦਾਨ ਕੈਂਪ ਲਗਾਉਣ ਦੀ ਇਜਾਜ਼ਤ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਜੈਕਟ ਡਾਇਰੈਕਟਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੁਆਰਾ ਆਪਣੇ ਅਰਧ ਸਰਕਾਰੀ ਪੱਤਰ ਰਾਹੀਂ ਲਿਖਿਆ ਹੈ ਕਿ ਡਰਗਸ ਐਂਡ ਕੌਸਮੈਟਿਕਸ ਐਕਟ-1940 ਅਨੁਸਾਰ ਬਲੱਡ ਇਕ ਲਾਈਫ ਸੇਵਿੰਗ/ਐਮਰਜੈਂਸੀ ਡਰੱਗ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ-19 ਮਹਾਂਮਾਰੀ ’ਤੇ ਕਾਬੂ ਪਾਉਣ ਲਈ ਭਾਰੀ ਇਕੱਠ ਨਾ ਕਰਨ ਸਬੰਧੀ ਹਦਾਇਤਾਂ ਬਾਬਤ ਧਾਰਾ 144 ਆਦਿ ਲਗਾਈਆਂ ਜਾਂਦੀਆਂ ਹਨ, ਜਿਸ ਕਰਕੇ ਹਸਪਤਾਲਾਂ ਦੇ ਅੰਦਰ ਅਤੇ ਬਾਹਰ ਖ਼ੂਨਦਾਨ ਕੈਂਪ ਆਯੋਜਿਤ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ। ਪ੍ਰੰਤੂ ਸਿਹਤ ਸੇਵਾਵਾਂ ਬਲੱਡ ਅਤੇ ਬਲੱਡ ਕੰਪੋਨੈਂਟਸ ਦੀ ਉਪਲੱਬਧਤਾ ਤੋਂ ਬਿਨ੍ਹਾਂ ਸੰਭਵ ਨਹੀਂ ਹੋ ਸਕਦੀਆਂ। ਇਸ ਲਈ ਖ਼ੂਨਦਾਨ ਕੈਂਪ ਲਗਾਉਣ ਲਈ ਲਾਕਡਾਊਨ/ਕਰਫਿਊ ਦੌਰਾਨ ਜਾਰੀ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ।
I/188821/2021