ਨਵੀਂ ਦਿੱਲੀ 27, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਭਾਰਤ ਸਰਕਾਰ ਨੇ ਕੋਰੋਨਾ ਤੋਂ ਹੋਈ ਮੌਤ ਬਾਰੇ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਕੀਤੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਅਤੇ ਮਾਰੇ ਗਏ ਲੋਕਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਜ਼ਿਆਦਾ ਹੈ।
ਭਾਰਤ ਸਰਕਾਰ ਨੇ ਕਿਹਾ, “ਭਾਰਤ ‘ਚ ਕੋਵਿਡ -19 ਤੋਂ ਹੋਈਆਂ ਮੌਤਾਂ ਦੀ ਗਿਣਤੀ ਬਾਰੇ ਨਿਊਯਾਰਕ ਟਾਈਮਜ਼ ਦੀਆਂ ਖ਼ਬਰਾਂ ‘ਚ ਦਿੱਤੀ ਗਈ ਜਾਣਕਾਰੀ ਬੇਬੁਨਿਆਦ ਅਤੇ ਝੂਠੀ ਹੈ, ਇਸ ਦੇ ਦਾਅਵੇ ਸਬੂਤਾਂ ‘ਤੇ ਨਹੀਂ ਬਲਕਿ ਇਕ ਵਿਗੜੇ ਮੁਲਾਂਕਣ ‘ਤੇ ਅਧਾਰਤ ਹਨ।”
ਦੱਸ ਦੇਈਏ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਟਵੀਟ ਕਰਦਿਆਂ ਅਮਰੀਕੀ ਅਖਬਾਰ ‘ਨਿਊਯਾਰਕ ਟਾਈਮਜ਼’ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ, “ਅੰਕੜੇ ਝੂਠ ਨਹੀਂ ਬੋਲਦੇ, ਭਾਰਤ ਸਰਕਾਰ ਬੋਲਦੀ ਹੈ।”
ਪ੍ਰਿਯੰਕਾ ਨੇ ਵੀ ਇਸ ਖ਼ਬਰ ਬਾਰੇ ਟਵੀਟ ਕੀਤਾ ਅਤੇ ਕਿਹਾ, “ਸਾਨੂੰ ਕਦੇ ਨਹੀਂ ਪਤਾ ਚਲੇਗਾ ਕਿ ਕੋਵਿਡ ਨਾਲ ਹੋਈਆਂ ਮੌਤਾਂ ਦੀ ਅਸਲ ਗਿਣਤੀ ਕੀ ਹੈ ਕਿਉਂਕਿ ਸਰਕਾਰ ਨੇ ਮਹਾਂਮਾਰੀ ਨਾਲ ਲੜਨ ਨਾਲੋਂ ਅੰਕੜਿਆਂ ਨੂੰ ਦਬਾਉਣ ਲਈ ਬਹੁਤ ਮਿਹਨਤ ਕੀਤੀ ਹੈ।”
ਰਾਹੁਲ ਗਾਂਧੀ ਦੇ ਟਵੀਟ ‘ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਜਵਾਬੀ ਕਾਰਵਾਈ ਕੀਤੀ ਸੀ। ਉਨ੍ਹਾਂ ਕਿਹਾ ਸੀ, “ਲਾਸ਼ਾਂ ‘ਤੇ ਰਾਜਨੀਤੀ, ਕਾਂਗਰਸ ਸਟਾਈਲ! ਰੁੱਖਾਂ ‘ਤੇ ਗਿੱਦ ਭਾਵੇਂ ਅਲੋਪ ਹੋ ਰਹੇ ਹਨ, ਪਰ ਅਜਿਹਾ ਲਗਦਾ ਹੈ ਕਿ ਉਨ੍ਹਾਂ ਦੀ ਊਰਜਾ ਧਰਤੀ ਦੇ ਗਿੱਦਾਂ ‘ਚ ਲੀਨ ਹੋ ਰਹੀ ਹੈ। ਰਾਹੁਲ ਗਾਂਧੀ ਜੀ ਨਿਊਯਾਰਕ ‘ਤੇ ਦਿੱਲੀ ਨਾਲੋਂ ਜ਼ਿਆਦਾ ਭਰੋਸਾ ਕਰਦੇ ਹਨ। ਲਾਸ਼ਾਂ ‘ਤੇ ਰਾਜਨੀਤੀ ਕਰਨਾ ਕੋਈ ਧਰਤੀ ਦੇ ਗਿੱਦਾਂ ਤੋਂ ਸਿੱਖੇ।”