ਬੁਢਲਾਡਾ 22,ਮਈ(ਸਾਰਾ ਯਹਾਂ/ਅਮਨ) ਮਾਨਯੋਗ ਕ੍ਰਿਸ਼ਨ ਕੁਮਾਰ ਸਕੱਤਰ ਸਿੱਖਿਆ ਵਿਭਾਗ ਪੰਜਾਬ ਜੀ ਦੇ ਵਿਸ਼ੇਸ਼ ਯਤਨਾਂ ਨਾਲ਼ ਜਿੱਥੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਮਧਿਆਮ ਦੀ ਪੜ੍ਹਾਈ ਜੇ ਨਾਲ਼ – ਨਾਲ਼ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ਵੀ ਸ਼ੁਰੂ ਕਰਵਾਈ।ਉੱਥੇ ਨਾਲ਼ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਅੱਜ ਦਾ ਸ਼ਬਦ ਪੰਜਾਬੀ ਦੀ ਸ਼ੁਰੂਆਤ ਕਰਨ ਵਿੱਚ ਪੰਜਾਬ ਮੋਹਰੀ ਸੂਬਾ ਬਣਿਆ।ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦੀ ਅੰਗਰੇਜ਼ੀ ਬੋਲਣ ਦੀ ਝਿਜਕ ਦੂਰ ਕਰਨ ਲਈ ਅੰਗਰੇਜ਼ੀ ਬੂਸਟਰ ਕਲੱਬ ਦੀ ਸਥਾਪਨਾ ਨੇ ਵੀ ਅਹਿਮ ਪ੍ਰਾਪਤੀਆਂ ਕੀਤੀਆਂ।ਅੰਗਰੇਜ਼ੀ ਭਾਸ਼ਾ ਦੇ ਸ਼ੁੱਧ ਉਚਾਰਨ ਲਈ ਅੰਜੂ ਗੁਪਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਅਤੇ ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਦੀ ਰਹਿਨੁਮਾਈ ਮਾਨਸਾ ਦੇ ਵੱਖ-ਵੱਖ ਸਕੂਲਾਂ ਵਿੱਚ ਅੰਗਰੇਜ਼ੀ ਬੂਸਟਰ ਕਲੱਬ ਤਹਿਤ ਉਪਰਾਲੇ ਕਰਵਾਏ ਜਾ ਰਹੇ ਹਨ।ਇਸ ਲੜੀ ਤਹਿਤ ਅਨੀਤਾ ਰਾਣੀ ਮੁੱਖ ਅਧਿਆਪਕਾ ਸਰਕਾਰੀ ਹਾਈ ਸਮਾਰਟ ਸਕੂਲ, ਦਿਆਲਪੁਰਾ (ਮਾਨਸਾ ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਦੀ ਅੰਗਰੇਜ਼ੀ ਅਧਿਆਪਕਾ ਜਯੋਤੀ ਅਰੋੜਾ ਜਿੱਥੇ ਵਿਦਿਆਰਥੀਆਂ ਨੂੰ ਵਧੀਆ ਅਧਿਆਪਨ ਰਾਹੀਂ ਗਿਆਨ ਪ੍ਰਦਾਨ ਕਰ ਰਹੇ ਹਨ।ਉੱਥੇ ਵਿਦਿਆਰਥੀਆਂ ਦੇ ਅੰਗਰਜ਼ੀ ਭਾਸ਼ਾ ਦੇ ਸ਼ੁੱਧ ਉਚਾਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਬਲਜਿੰਦਰ ਜੌੜਕੀਆ ਡੀ. ਐੱਮ.ਅੰਗਰੇਜ਼ੀ ਮਾਨਸਾ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵਿੱਚ ਜਯੋਤੀ ਅਰੋੜਾ ਅੰਗਰੇਜ਼ੀ ਮਿਸਟ੍ਰੈਸ ਅੰਗਰੇਜ਼ੀ ਭਾਸ਼ਾ ਦੇ ਬੋਲਣਾ,ਸਿੱਖਣਾ, ਪੜ੍ਹਨਾ ਅਤੇ ਲਿਖਣ ਦਾ ਧਿਆਨ ਰੱਖਦੇ ਹੋਏ, ਵਿਦਿਆਰਥੀਆਂ ਦੇ ਅੱਖਰਾਂ ਤੋਂ ਵਾਕਾਂ ਤੱਕ ਦੇ ਉਚਾਰਨ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ।ਅੰਗਰੇਜ਼ੀ ਦੇ ਅੱਖਰਾਂ ਦੇ ਸ਼ੁੱਧ ਉਚਾਰਨ ਤੋਂ ਬਾਅਦ ਸ਼ਬਦਾਂ ਦੇ ਉਚਾਰਨ ਦਰੁਸਤ ਕਰਵਾਏ ਜਾਂਦੇ ਹਨ। ਇਸ ਤੋਂ ਬਾਅਦ ਸਮੁੱਚੇ ਵਾਕ ਦੇ ਉਚਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।ਜਿਸ ਦੀ ਬਦੌਲਤ ਸਰਕਾਰੀ ਹਾਈ ਸਕੂਲ ਦਿਆਲਪੁਰਾ (ਮਾਨਸਾ ) ਦੇ ਅੰਗਰੇਜ਼ੀ ਬੂਸਟਰ ਕਲੱਬ ਦੇ ਵਿਦਿਆਰਥੀ ਦੀ ਵੀਡੀਓ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ ਐਕਟੀਵਿਟੀਜ਼ ਸਕੂਲ ਐਜੂਕੇਸ਼ਨ ਪੰਜਾਬ ਲਈ ਆਪਣੀ ਥਾਂ ਬਣਾਈ।ਜਿਸ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ।ਕ੍ਰਿਸ਼ਨ ਕੁਮਾਰ ਬੀ. ਐੱਮ ਅੰਗਰੇਜ਼ੀ /ਐੱਸ.ਐੱਸ. ਬਲਾਕ ਬਰੇਟਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਦੀ ਅਧਿਆਪਕਾ ਜਯੋਤੀ ਦੇ ਅੰਗਰੇਜ਼ੀ ਭਾਸ਼ਾ ਦੇ ਉਚਾਰਨ ਪੱਖੋਂ ਤਿਆਰ ਕੀਤੇ ਵਿਦਿਆਰਥੀਆਂ ਨੇ ਅੰਗਰੇਜ਼ੀ ਬੂਸਟਰ ਕਲੱਬ ਦੇ ਮੁਕਾਬਲਿਆਂ ਵਿੱਚ 18 ਵਾਰ ਬਲਾਕ ਪੱਧਰ ‘ਤੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ 11 ਵਾਰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ ।ਜ਼ਿਲ੍ਹਾ ਪੱਧਰ ਦੇ ਹਫ਼ਤਾਵਾਰੀ ਮੁਕਾਬਲਿਆਂ ਵਿੱਚ ਲਗਾਤਾਰ ਪੰਜ ਹਫ਼ਤੇ ਪਹਿਲੇ ਸਥਾਨ ‘ਤੇ ਬਰਕਰਾਰ ਰਹੇ, ਜੋ ਕਿ ਅੰਗਰੇਜ਼ੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਰਿਕਾਰਡ ਸਥਾਪਿਤ ਸਿੱਧ ਹੋਇਆ।ਜਿਕਰਯੋਗ ਹੈ
ਕਿ ਜਯੋਤੀ ਅਰੋੜਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰਿਉਂਦ ਕਲਾਂ(ਮਾਨਸਾ)ਵਿਖੇ ਸੇਵਾ ਨਿਭਾਉਂਦੇ ਹੋਏ ਵੀ ਵਿਦਿਆਰਥੀਆਂ ਦੇ ਉਚਾਰਨ ਵੱਲ ਵਿਸ਼ੇਸ਼ ਧਿਆਨ ਅਤੇ ਬਤੌਰ ਅੰਗਰੇਜ਼ੀ ਮਿਸਟ੍ਰੈਸ ਹੁੰਦੇ ਹੋਏ ਵੀ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਵੀ ਪ੍ਰਦਾਨ ਕੀਤਾ, ਜਿਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਜ ਤੱਕ ਦੇ 100 ਪ੍ਰਤੀਸ਼ਤ ਨਤੀਜਿਆਂ ਕਰਕੇ ਸਕੂਲ ਦੇ ਵਿਦਿਆਰਥੀਆਂ ਹਮੇਸ਼ਾਂ ਅੰਗਰੇਜ਼ੀ ਪੜ੍ਹਨ ਅਤੇ ਬੋਲਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।ਇਸ ਸੰਬੰਧੀ ਜਿੱਥੇ ਸਮੂਹ ਸਕੂਲ ਸਟਾਫ਼ ਵੀ ਮਿਹਨਤੀ ਅਧਿਆਪਕਾ ਨੂੰ ਸਿਜਦਾ ਕਰਦੇ ਹਨ।ਉੱਥੇ ਜ਼ਿਲ੍ਹਾ ਮਾਨਸਾ ਦੇ ਅੰਗਰੇਜ਼ੀ ਅਧਿਆਪਕਾਂ ਲਈ ਵੀ ਪ੍ਰੇਰਨਾ ਸਰੋਤ ਬਣੇ ਹੋਏ ਹਨ।