ਬਰੇਟਾ 20,ਮਈ(ਸਾਰਾ ਯਹਾਂ/ਰੀਤਵਾਲ) ਅੱਜ ਦੇ ਸਮੇਂ ‘ਚ ਠੱਗੀਆਂ ਮਾਰਨ ਦੇ ਲਈ ਇਸ ਜੱਗ ਤੇ ਅਜਿਹੇ ਲੋਕਾਂ ਦੀ
ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ ਜੋ ਭੋਲੇਭਾਲੇ ਲੋਕਾਂ ਨੂੰ ਆਪਣੇ ਜਾਲ ‘ਚ
ਫਸਾਉਣ ਦੇ ਲਈ ਬਹੁਤੀਂ ਦੇਰ ਨਹੀਂ ਲਗਾਉਂਦੇ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ
ਪੂਰੇ ਸੂਬੇ ‘ਚ ਅਜਿਹੇ ਔਰਤਾਂ ਦੇ ਗਿਰੋਹ ਦੀ ਗਿਣਤੀ ਵੱਡੇ ਪੱਧਰ ਤੇ ਦੱਸੀ ਜਾ ਰਹੀ ਹੈ ਜੋ ਕਈ
ਕਈ ਵਿਆਹ ਕਰਵਾਕੇ ਬਹੁਤ ਸਾਰੇ ਪਰਿਵਾਰਾਂ ਨੂੰ ਮੋੋਟਾ ਚੂਨਾ ਲਗਾ ਚੁੱਕੀਆਂ ਹਨ ।
ਅਜਿਹਾ ਹੀ ਇੱਕ ਮਾਮਲਾ ਬਰੇਟਾ ‘ਚ ਵੀ ਸਾਹਮਣਾ ਆ ਰਿਹਾ ਹੈ । ਸ਼ਹਿਰ ‘ਚ ਚੱਲ ਰਹੀ ਘੁਸਰ
ਮੁਸਰ ਅਨੁਸਾਰ ਬਰੇਟਾ ਦੇ ਪਿੱਲੂ ਸਿੰਘ ਨਾਮ ਦੇ ਵਿਅਕਤੀ ਦਾ ਹਰਿਆਣਾ ਦੇ ਇੱਕ
ਆਦਮੀ (ਵਿਚੌਲੇ) ਨੇ ਝੂਠ ਬੋਲ ਕੇ ਅਤੇ ਆਪਣੇ ਹੱਥ ਰੰਗਣ ਦੇ ਲਈ ਉਸਦਾ ਵਿਆਹ
ਉਸ ਔਰਤ ਨਾਲ ਕਰਵਾ ਦਿੱਤਾ ਜੋ ਪਹਿਲਾਂ ਹੀ ਕਈ ਥਾਂਵਾਂ ਤੇ ਵਿਆਹੀ ਹੋਈ ਸੀ । ਇਹ ਵੀ
ਪਤਾ ਲੱਗਾ ਹੈ ਕਿ ਹੋਰ ਥਾਵਾਂ ਦੀ ਤਰਾਂ੍ਹ ਇਹ ਔਰਤ ਪਿੱਲੂ ਸਿੰਘ ਦੇ ਘਰ ਵੀ ਦੋ ਦਿਨ
ਲਗਾਉਣ ਤੋਂ ਬਾਅਦ ਰਫੂ ਚੱਕਰ ਹੋ ਗਈ । ਗੁਆਂਢੀਆਂ ਤੋਂ ਇਸ ਬਾਰੇ ਪੁੱਛ ਗਿੱਛ ਕਰਨ
ਤੇ ਪਤਾ ਲੱਗਾ ਕਿ ਪਿੱਲੂ ਸਿੰਘ ਅਤੇ ਉਸਦਾ ਪਰਿਵਾਰ ਬਹੁਤ ਹੀ ਸਾਦਾ ਅਤੇ ਭੋਲਾ ਹੈ ।
ਇਸੇ ਭੋਲੇਪਣ ਦਾ ਫਾਇਦਾ ਉਠਾਕੇ ਕਿ ਇਸ ਔਰਤ ਅਤੇ ਹੋਰ ਵਿਅਕਤੀਆਂ ਨੇ ਪਿੱਲੂ
ਸਿੰਘ ਅਤੇ ਉਸਦੇ ਪਰਿਵਾਰ ਨਾਲ ਠੱਗੀ ਮਾਰੀ ਹੈ । ਸੁਣਨ ‘ਚ ਇਹ ਵੀ ਆ ਰਿਹਾ ਹੈ ਕਿ ਉਹ
ਔਰਤ ਇਸ ਗਰੀਬ ਪਰਿਵਾਰ ਦੇ ਘਰ ਪਏ ਥੋੜੇ ਬਹੁਤੇ ਗਹਿਣੇ ਗੱਟੇ/ਪੈਸੇ ਤੇ ਵੀ ਹੱਥ ਫੇਰ
ਗਈ ਹੈ । ਪੀੜ੍ਹਤ ਪਰਿਵਾਰ ਨੇ ਕਿਹਾ ਕਿ ਹੁਣ ਇਹ ਔਰਤ ਸਾਨੂੰ ਵਾਰ ਵਾਰ ਇਹ ਧਮਕੀਆਂ
ਦੇ ਰਹੀ ਹੈ ਕਿ ਮੈਂ ਤੁਹਾਡੇ ਤੇ ਕੇਸ ਕਰਵਾਕੇ ਤੁਹਾਨੂੰ ਜੇਲ ਭੇਜ ਦਵਾਂਗੀ ।
ਪੀੜ੍ਹਤ ਪਰਿਵਾਰ ਨੇ ਦੁੱਖੀ ਮਨ ਨਾਲ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਸੀਂ ਪੁਲਿਸ ਕੋਲ ਵੀ
ਦਰਖਾਸਤ ਦਿੱਤੀ ਹੋਈ ਹੈ ਪਰ ਸਾਨੂੰ ਹਾਲੇ ਤੱਕ ਕੋਈ ਇੰਨਸਾਫ ਨਹੀਂ ਮਿਲਿਆ ।
ਆਵਾਜ਼ ਬੁਲੰਦ ਲੋਕਾਂ ਦੀ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ
ਹੈ ਕਿ ਅਜਿਹੇ ਔਰਤਾਂ ਦੇ ਗਿਰੋਹ ਤੇ ਨਕੇਲ ਕੱਸੀ ਜਾਵੇ ਅਤੇ ਜਲਦ ਤੋਂ ਜਲਦ ਇਸ ਮਾਮਲੇ ਦੀ
ਬਾਰੀਕੀ ਨਾਲ ਜਾਂਚ ਕਰਨ ਉਪਰੰਤ ਇਸ ਪੀੜ੍ਹਤ ਪਰਿਵਾਰ ਨੂੰ ਇੰਨਸਾਫ ਦਵਾਇਆ ਜਾਵੇ ।
ਜਦ ਇਸ ਮਾਮਲੇ ਨੂੰ ਲੈ ਕੇ ਔਰਤ ਨਾਲ ਸੰਪਰਕ ਕਰਨਾ ਚਾਹਾਂ ਤਾਂ ਉਨ੍ਹਾਂ ਨਾਲ
ਸੰਪਰਕ ਨਹੀਂ ਹੋ ਸਕਿਆ ।