ਗੁਰਦਾਸਪੁਰ 20,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਜ਼ਿਲ੍ਹਾ ਪੁਲਿਸ ਨੇ 150 ਪੇਟੀਆਂ ਸ਼ਰਾਬ ਤੇ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ। ਪੁਲਿਸ ਨੇ ਇਹ ਬਰਾਮਦਗੀ ਵੱਖ-ਵੱਖ ਛਾਪਿਆਂ ਵਿੱਚ ਕੀਤੀ ਹੈ। ਛਾਪੇਮਾਰੀ ਕਾਰਨ ਪੁਲਿਸ ਨੂੰ ਅੰਮ੍ਰਿਤਸਰ ਦੇ ਹੈਰੋਇਨ ਦੇ ਵੱਡੇ ‘ਮਗਰਮੱਛ’ ਤੱਕ ਪਹੁੰਚਣ ਦੀ ਆਸ ਵੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬਟਾਲਾ ਦੇ ਸੀਆਈਏ ਸਟਾਫ ਨੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਦੋ ਵੱਖ-ਵੱਖ ਛਾਪੇਮਾਰੀਆਂ ਕੀਤੀਆਂ। ਇਨ੍ਹਾਂ ਛਾਪਿਆਂ ਦੌਰਾਨ ਚਾਰ ਗੱਡੀਆਂ ਸਮੇਤ ਛੇ ਨੌਜਵਾਨਾਂ ਕੋਲੋਂ ਚੰਡੀਗੜ੍ਹ ਲਈ ਬਣੀਆਂ 1800 ਬੋਤਲਾਂ ਨਾਜਾਇਜ ਸ਼ਰਾਬ ਤੇ 516 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਫੜੇ ਗਏ ਛੇ ਨੌਜਵਾਨਾਂ ਉਪਰ ਕੇਸ ਦਰਜ ਕਰਦਿਆਂ ਅੱਗੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਪੁੱਛਗਿੱਛ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਡੀਐਸਪੀ ਗੁਰਵਿੰਦਰ ਸਿੰਘ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ‘ਤੇ ਸੀਆਈਏ ਸਟਾਫ ਬਟਾਲਾ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪ ਵੀ ਹੈਰੋਇਨ ਦਾ ਨਸ਼ਾ ਕਰਨ ਦੇ ਆਦੀ ਸਨ।
ਪੁਲਿਸ ਮੁਤਾਬਕ ਇਨ੍ਹਾਂ ਨੌਜਵਾਨਾਂ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨਸ਼ਾ ਤਸਕਰ ਕੋਲੋਂ ਹੈਰੋਇਨ ਲਿਆ ਕੇ ਬਟਾਲਾ ਦੇ ਆਸ-ਪਾਸ ਇਲਾਕੇ ਵਿੱਚ ਵੇਚਣ ਦਾ ਕੰਮ-ਕਾਰ ਸ਼ੁਰੂ ਕੀਤਾ ਹੋਇਆ ਸੀ। ਦੂਸਰੇ ਕੇਸ ਵਿੱਚ ਦੋ ਨੌਜਵਾਨਾਂ ਕੋਲੋਂ 150 ਪੇਟੀਆਂ ਲਗਪਗ 1800 ਬੋਤਲਾਂ ਚੰਡੀਗੜ੍ਹ ਲਈ ਨਿਰਮਿਤ ਕੀਤੀ ਨਾਜਾਇਜ ਸ਼ਰਾਬ ਬਰਾਮਦ ਕੀਤੀ ਹੈ। ਇਹ ਨੌਜਵਾਨ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਖਰੀਦ ਕੇ ਬਟਾਲਾ ਤੇ ਆਸ-ਪਾਸ ਵੇਚਦੇ ਸਨ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲੱਗ ਰਿਹਾ ਸੀ।Tags: