ਤਾਊਤੇ ਤੂਫਾਨ ਮੁੰਬਈ-ਗੁਜਰਾਤ ਤੇ ਹੋਰ ਹਿੱਸਿਆਂ ਵਿੱਚ ਆਪਣਾ ਕਹਿਰ ਬਰਸਾ ਰਿਹਾ ਹੈ। ਇਸ ਵਿਚਾਲੇ ਆਉਣ ਵਾਲੇ ਦੋ ਦਿਨਾਂ ਵਿੱਚ ਇਸ ਤੂਫਾਨ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਪੰਜਾਬ ਦੇ ਮੌਸਮ ਦੇ ਵੀ ਮਿਜਾਜ਼ ਬਦਲ ਸਕਦੇ ਹਨ।
ਬੁੱਧਵਾਰ ਸਵੇਰੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਲੇ ਬਦਲਾਂ ਨਾਲ ਅਸਮਾਲ ਘਿਰ ਗਿਆ ਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ। ਇਸ ਦੇ ਨਾਲ ਲੋਕਾਂ ਨੂੰ ਪਿੱਛਲੇ ਦੋ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਹਲਕੀ ਰਾਹਤ ਜ਼ਰੂਰ ਮਿਲੀ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਦਿਨ ਵਿੱਚ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਸੂਬੇ ਵਿੱਚ ਤੂਫ਼ਾਨ ਵਰਗੇ ਹਲਾਤ ਬਣੇ ਰਹਿਣਗੇ। ਪੰਜਾਬ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ ਤੇ ਗਰਜਾਂ ਦੇ ਨਾਲ ਹਲਕੇ ਤੋਂ ਦਰਮਿਆਨਾਂ ਮੀਂਹ ਵੀ ਪੈ ਸਕਦਾ ਹੈ। ਹਾਲਾਂਕਿ 21 ਮਈ ਤੋਂ ਪੰਜਾਬ ਦਾ ਮੌਸਮ ਸਾਫ ਹੋ ਜਾਏਗਾ।
ਇਸ ਵਾਰ ਇਸ ਤੂਫਾਨ ਦਾ ਨਾਮ ਮਿਆਂਮਾਰ ਨੇ ਰੱਖਿਆ ਹੈ। ਮਿਆਂਮਾਰ ਵਿੱਚ ਤਾਊਤੇ ਦਾ ਮਤਲਬ ਛਿੱਪਕਲੀ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਜਿਵੇ ਛਿੱਪਕਲੀ ਹੌਲੀ-ਹੌਲੀ ਚੱਲਦੀ ਹੈ ਤੇ ਅਚਾਨਕ ਆਪਣੇ ਸ਼ਿਕਾਰ ਤੇ ਹਮਲਾ ਕਰ ਦਿੰਦੀ ਹੈ ਉਸੇ ਤਰ੍ਹਾਂ ਇਹ ਤੂਫਾਨ ਵੀ ਹੌਲੀ-ਹੌਲੀ ਅੱਗੇ ਵੱਧਦਾ ਹੈ ਤੇ ਅਚਾਨਕ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਹੈ।
ਇਸ ਕਾਰਨ ਇਸ ਤੂਫਾਨ ਦਾ ਨਾਮ ਤਾਊਤੇ ਰੱਖਿਆ ਗਿਆ ਹੈ। ਅਗਲੇ 48 ਘੰਟਿਆਂ ਵਿੱਚ ਇਸ ਤੂਫਾਨ ਦੇ ਹੋਰ ਵੀ ਖ਼ਤਰਨਾਕ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ।