ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦੇ ਪਾਵੇ ਹਿੱਲਣ ਲੱਗੇ ਹਨ। ਅੱਜ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਘਰ ਮੀਟਿੰਗ ਮਗਰੋਂ ਸੁਖਜਿੰਦਰ ਰੰਧਵਾ ਨੇ ਵੀ ਬਾਗੀ ਤੇਵਰ ਵਿਖਾਏ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਚੰਨੀ ਦੇ ਕੇਸ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ।
ਉਨ੍ਹਾਂ ਨੇ ਸਵਾਲ ਉਠਾਇਆ ਕਿ ਤਿੰਨ ਸਾਲ ਬਾਅਦ ਹੀ ਚੰਨੀ ਦੇ ਕੇਸ ਦੀ ਯਾਦ ਕਿਉਂ ਆਈ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ ਕੋਈ ਵੀ ਜਾਂਚ ਕਰਵਾ ਲਵੋ। ਮੈਂ ਕਿਸੇ ਜਾਂਚ ਤੋਂ ਨਹੀਂ ਡਰਦਾ। ਜੇ ਮੈਨੂੰ ਵਿਜੀਲੈਂਸ ਬੁਲਾਏਗੀ, ਤਾਂ ਮੈਂ ਖੁਦ ਵਿਜੀਲੈਂਸ ਬਿਊਰੋ ਕੋਲ ਜਾ ਬੈਠਾਂਗਾ।
ਰੰਧਾਵਾ ਨੇ ਕਿਹਾ ਕਿ ਸਾਡੀ ਲੜਾਈ ਬੇਅਦਬੀ ਮਾਮਲੇ ਦੀ ਜਾਂਚ ਤੇ ਚੋਣ ਮੈਨੀਫੈਸਟੋ ਨੂੰ ਲਾਗੂ ਕਰਵਾਉਣ ਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੈਨੂੰ ਧਰਨਾ ਦੇ ਰਹੇ ਲੋਕਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਸੀ। ਅੱਜ ਵੀ ਬੇਅਦਬੀ ਤੇ ਗੋਲੀ ਕਾਂਡ ਦਾ ਸੱਚ ਸਾਹਮਣੇ ਨਹੀਂ ਆਇਆ।
ਦੱਸ ਦਈਏ ਕਿ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਪੰਜ ਮੰਤਰੀਆਂ ਤੇ ਸੱਤ ਵਿਧਾਇਕਾਂ ਦੀ ਮੀਟਿੰਗ ਹੋਈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ। ਬਾਜਵਾ ਨੇ ਮੀਟਿੰਗ ਤੋਂ ਬਾਹਰ ਆਉਣ ਮਗਰੋਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਉਧਰ, ਅੱਜ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਫੋਨ ‘ਤੇ ਪ੍ਰਤਾਪ ਸਿੰਘ ਬਾਜਵਾ ਨਾਲ ਗੱਲ ਕੀਤੀ ਹੈ। ਹਰੀਸ਼ ਰਾਵਤ ਨੇ ਕਿਹਾ, “ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦੀ ਵੀਜੀਲੈਂਸ ਜਾਂਚ ਕਰਵਾਉਣਾ ਬੇਹੱਦ ਗਲ਼ਤ ਹੈ। ਇਸ ਨਾਲ ਪਾਰਟੀ ਵਿੱਚ ਤਣਾਅ ਵਧੇਗਾ ਤੇ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।”
ਉਧਰ ਬਾਜਵਾ ਨੇ ਹਰੀਸ਼ ਰਾਵਤ ਨੂੰ ਕਿਹਾ, “ਹਾਈਕਮਾਨ ਨੂੰ ਇਸ ਪੂਰੇ ਮਾਮਲੇ ਵਿੱਚ ਜਲਦ ਦਖਲ ਦੇਣਾ ਚਾਹੀਦਾ ਹੈ। ਕੋਰੋਨਾ ਕਾਲ ਵਿੱਚ ਆਪਸੀ ਖਿੱਚੋਤਾਣ ਨਾਲ ਸਰਕਾਰ ਦਾ ਲੋਕਾਂ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ। ਸਰਕਾਰ ਨੂੰ ਵਿਜੀਲੈਂਸ ਦੀ ਜਾਂਚ ਕਰਵਾਉਣ ਦੀ ਬਜਾਏ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣਾ ਚਾਹੀਦਾ ਹੈ।”
ਇਸ ਮਗਰੋਂ ਹਰੀਸ਼ ਰਾਵਤ ਨੇ ਭਰੋਸਾ ਦਿੱਤਾ ਕਿ ਹਾਈਕਮਾਨ ਜਲਦ ਇਸ ਮਾਮਲੇ ਨੂੰ ਸੁਲਝਾਏਗੀ। ਹਾਈਕਾਮ ਵੀ ਹੁਣ ਇਸ ਮਾਮਲੇ ਨੂੰ ਲੈ ਕੇ ਐਕਟਿਵ ਹੋ ਗਈ ਹੈ। ਹਰੀਸ਼ ਰਾਵਤ ਨੇ ਖੁਦ ਕਮਾਨ ਸੰਭਾਲ ਲਈ ਹੈ। ਹਰੀਸ਼ ਰਾਵਤ ਨੇ ਚਰਨਜੀਤ ਚੰਨੀ, ਪਰਗਟ ਸਿੰਘ ਸਣੇ ਕਈ ਲੀਡਰਾਂ ਨਾਲ ਫੋਨ ਤੇ ਗੱਲ ਕੀਤੀ।