ਨਵੀਂ ਦਿੱਲੀ 17 ,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਅਰਬ ਸਾਗਰ ਤੋਂ ਆਏ ਤੂਫਾਨ ‘Cyclone Tauktae’ ਦਾ ਖਤਰਾ ਗੁਜਰਾਤ, ਮਹਾਰਾਸ਼ਟਰ ਤੇ ਕਰਨਾਟਕ ਸਮੇਤ 7 ਰਾਜਾਂ ‘ਤੇ ਬਣਿਆ ਹੋਇਆ ਹੈ। ਇਹ ਤੂਫਾਨ ਅੱਜ ਦੁਪਹਿਰ 3 ਵਜੇ ਤੱਕ ਗੁਜਰਾਤ ਦੇ ਪੋਰਬੰਦਰ ਤੱਟ ਨਾਲ ਟਕਰਾ ਸਕਦਾ ਹੈ। ਇਸ ਤੋਂ ਬਾਅਦ ਇਹ ਤੂਫਾਨ ਪੌਰਬੰਦਰ ਤੇ ਮਾਹੂਵਾ (ਭਾਵਨਗਰ) ਵਿਚਕਾਰ ਦੁਪਹਿਰ 3 ਤੋਂ 6 ਵਜੇ ਦੇ ਵਿਚਕਾਰ ਲੰਘੇਗਾ। ਇਸ ਸਮੇਂ ਦੌਰਾਨ ਇਸ ਦੀ ਰਫਤਾਰ 175 ਕਿਲੋਮੀਟਰ ਪ੍ਰਤੀ ਘੰਟੇ ਦੀ ਹੋ ਸਕਦੀ ਹੈ।
23 ਸਾਲਾਂ ਬਾਅਦ ਗੁਜਰਾਤ ਵਿੱਚ ਅਜਿਹਾ ਭਿਆਨਕ ਤੂਫਾਨ ਆ ਰਿਹਾ ਹੈ। ਇਸ ਤੋਂ ਪਹਿਲਾਂ, 9 ਜੂਨ, 1998 ਨੂੰ, ਕੱਛ ਜ਼ਿਲ੍ਹੇ ਦੇ ਕੰਡਲਾ ਵਿੱਚ ਅਜਿਹਾ ਭਿਆਨਕ ਤੂਫਾਨ ਆਇਆ ਸੀ। ਇਸ ਵਿਚ 1173 ਲੋਕਾਂ ਦੀ ਮੌਤ ਹੋ ਗਈ ਤੇ 1774 ਲੋਕ ਲਾਪਤਾ ਹੋ ਗਏ ਸਨ। ਗੁਜਰਾਤ ਦੇ ਤੱਟਵਰਤੀ ਜ਼ਿਲ੍ਹਿਆਂ ਦੇ 655 ਪਿੰਡਾਂ ਵਿੱਚੋਂ ਤਕਰੀਬਨ 1.5 ਲੱਖ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਪੱਛਮੀ ਤੱਟ ਤੋਂ ਹਜ਼ਾਰਾਂ ਮਕਾਨ ਖਾਲੀ ਕਰਵਾ ਲਏ ਗਏ ਹਨ।
ਭਾਰਤੀ ਮੌਸਮ ਵਿਭਾਗ (IMD) ਦੇ ਡਾਇਰੈਕਟਰ ਜਨਰਲ (DG) ਮ੍ਰਿਤਯੂੰਜੈ ਮਹਾਪਾਤਰਾ ਨੇ ਦੱਸਿਆ ਹੈ ਕਿ ਰਾਜ ਦੇ 17 ਜ਼ਿਲ੍ਹਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਐਨਡੀਆਰਐਫ ਦੀਆਂ 100 ਤੋਂ ਵੱਧ ਟੀਮਾਂ 7 ਰਾਜਾਂ ਵਿੱਚ ਤਾਇਨਾਤ ਹਨ। ਗੁਜਰਾਤ ਵਿੱਚ ਸਭ ਤੋਂ ਵੱਧ 50 ਟੀਮਾਂ ਹਨ।