*ਜਿੱਲ੍ਹਾ ਬਰਨਾਲਾ ‘ਚ ਕੁੱਲ 8 ਵੈਂਟੀਲੇਟਰ,ਕੋਈ ਵੀ ਨਹੀਂ ਕੰਮ ਲੈਣ ਚ..! ਵੈਂਟੀਲੇਟਰ ਸਰਕਾਰੀ ਹਸਪਤਾਲ ਦੇ ਬੰਦ ਕਮਰਿਆਂ ਵਿੱਚ ਧੂੜ ਛਕ ਰਹੇ ਹਨ*

0
37

ਬਰਨਾਲਾ 13,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਭਰ ਵਿੱਚ ਲਗਾਤਾਰ ਵਧਦੇ ਜਾ ਰਹੇ ਹਨ ਪਰ ਇਸ ਭਿਆਨਕ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਇੱਕ ਸਾਲ ਬਾਅਦ ਵੀ ਸਰਕਾਰਾਂ ਲੋੜੀਂਦੇ ਪ੍ਰਬੰਧ ਨਹੀਂ ਕਰ ਸਕੀਆਂ। ਇਸ ਕਰਕੇ ਸਿਹਤ ਵਿਭਾਗ ਦੇ ਪ੍ਰਬੰਧਾਂ ’ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਬਰਨਾਲਾ ਜ਼ਿਲ੍ਹੇ ਵਿੱਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਪਰ ਪ੍ਰਬੰਧ ਨਾਮਾਤਰ ਹਨ।

ਜ਼ਿਲ੍ਹੇ ਵਿੱਚ 8 ਵੈਂਟੀਲੇਂਟਰਾਂ ਦੇ ਪ੍ਰਬੰਧ ਹਨ, ਪਰ ਇਨ੍ਹਾਂ ਵਿੱਚੋਂ ਚਾਲੂ ਹਾਲਤ ਵਿੱਚ ਕੋਈ ਨਹੀਂ। ਇਨ੍ਹਾਂ ਵਿੱਚੋਂ 5 ਵੈਂਟੀਲੇਟਰ ਕੋਵਿਡ ਸੈਂਟਰ ਸੋਹਲ ਪੱਤੀ ਵਿਖੇ ਹਨ, ਜੋ ਪੀਐਮ ਕੇਅਰ ਫ਼ੰਡ ਵਿੱਚੋਂ ਜ਼ਿਲੇ ਨੂੰ ਮਿਲੇ ਹਨ, ਜਦਕਿ ਤਿੰਨ ਹੋਰ ਵੈਂਟੀਲੇਟਰ ਸਰਕਾਰੀ ਹਸਪਤਾਲ ਦੇ ਬੰਦ ਕਮਰਿਆਂ ਵਿੱਚ ਧੂੜ ਛਕ ਰਹੇ ਹਨ। ਲੋਕਾਂ ਵੱਲੋਂ ਕੋਰੋਨਾ ਤੋਂ ਮਰੀਜ਼ਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੀਆਂ ਨਾਕਾਮੀਆਂ ਦੇ ਸਵਾਲ ਉਠਾਏ ਜਾ ਰਹੇ ਹਨ।

ਵੈਂਟੀਲੇਟਰ ਦੇ ਪ੍ਰਬੰਧ ਨਾ ਹੋਣ ਨੂੰ ਸਿਹਤ ਵਿਭਾਗ ਦੀ ਵੱਡੀ ਨਾਕਾਮੀ ਦੱਸੀ ਜਾ ਰਹੀ ਹੈ। ਉਥੇ ਕੋਰੋਨਾ ਮਰੀਜ਼ਾਂ ਜਾਂ ਕੋਰੋਨਾ ਦੀ ਭੇਂਟ ਚੜਨ ਵਾਲੇ ਲੋਕਾਂ ਦੀ ਲਾਸ਼ ਕਿਸੇ ਜਗਾ ਲਿਆਉਣ ਬਦਲੇ ਪ੍ਰਾਈਵੇਟ ਐਂਬੂਲੈਂਸ ਵਾਲਿਆਂ ’ਤੇ ਲੋੜ ਤੋਂ ਵੱਧ ਕਿਰਾਇਆ ਲੈਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਮਾਮਲੇ ’ਤੇ ਸਿਹਤ ਵਿਭਾਗ ਵੀ ਆਪਣਾ ਪੱਖ ਪੇਸ਼ ਕਰ ਰਿਹਾ ਹੈ। ਜ਼ਿਲੇ ਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਵੈਂਟੀਲੇਟਰ ਭਾਵੇਂ 8 ਮੌਜੂਦ ਹਨ, ਪਰ ਉਨ੍ਹਾਂ ਨੂੰ ਚਲਾਉਣ ਲਈ ਮਾਹਿਰ ਡਾਕਟਰਾਂ ਅਤੇ ਸਟਾਫ਼ ਦੀ ਲੋੜ ਹੈ, ਜੋ ਸਰਕਾਰੀ ਹਸਪਤਾਲ ਵਿੱਚ ਨਹੀਂ ਹੈ।

ਜ਼ਿਲੇ ਵਿੱਚ ਮਾੜੇ ਬਣ ਰਹੇ ਹਾਲਾਤਾਂ ਕਾਰਨ ਸਰਕਾਰੀ ਹਸਪਤਾਲ ਵਿੱਚੋਂ ਲਗਾਤਾਰ ਸਰਕਾਰੀ ਡਾਕਟਰ ਨੌਕਰੀ ਵੀ ਛੱਡਦੇ ਜਾ ਰਹੇ ਹਨ। ਹੁਣ ਤੱਕ ਜ਼ਿਲੇ ਵਿੱਚ 3 ਸਰਕਾਰੀ ਡਾਕਟਰ ਨੌਕਰੀ ਛੱਡ ਚੁੱਕੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕੋਰੋਨਾ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਰਨਾਲਾ ਜ਼ਿਲੇ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਕੋਈ ਪ੍ਰਬੰਧ ਸਹੀ ਨਹੀਂ ਹਨ। ਜ਼ਿਲੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਵਧ ਰਹੀ ਹੈ, ਪਰ ਵੈਂਟੀਲੇਟਰ ਦੇ ਕੋਈ ਪ੍ਰਬੰਧ ਨਹੀਂ ਹਨ।

ਸਿਹਤ ਵਿਭਾਗ ਪਹਿਲਾਂ ਹੀ ਲਿਖਵਾ ਕੇ ਲੈ ਲੈਂਦੇ ਹਨ ਕਿ ਵੈਂਟੀਲੇਟਰ ਦੀ ਲੋੜ ਪੈਣ ’ਤੇ ਪ੍ਰਬੰਧ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਪੱਧਰ ’ਤੇ ਕਰਨਾ ਪਵੇਗਾ। ਸਿਹਤ ਵਿਭਾਗ ਕੋਲ ਤਾਂ ਲੋੜੀਂਦੇ ਟੀਕੇ ਵੀ ਮੌਜੂਦ ਨਹੀਂ ਹਨ, ਜੋ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਬੜੀ ਮੁਸ਼ਕਿਲ ਨਾਲ 60 ਹਜ਼ਾਰ ’ਚ ਲੈ ਕੇ ਡਾਕਟਰਾਂ ਨੂੰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅੱਜ ਲੋੜ ਪੈਣ ’ਤੇ ਕੋਈ ਮੰਤਰੀ, ਵਿਧਾਇਕ ਵੀ ਉਹਨਾਂ ਦੀ ਸਾਰ ਤੱਕ ਨਹੀਂ ਲੈ ਰਿਹਾ।

ਉਧਰ ਇਸ ਸਬੰਧੀ ਬਰਲਾਲਾ ਦੇ ਸਿਵਲ ਸਰਜਨ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਬੱਚਿਆ ਵਾਲੇ ਡਾਕਟਰ ਦੀ ਵੀ ਘਾਟ ਹੈ। ਬਰਨਾਲਾ ਜਿਲੇ ਵਿੱਚ ਸਰਕਾਰੀ ਹਸਪਤਾਲ ਦੇ ਇਲਾਵਾ ਕੋਈ ਵੀ ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜ਼ਾਂ ਦਾ ਇਲਾਜ ਨਹੀਂ ਕਰ ਰਿਹਾ ਹੈ।

ਕੋਰੋਨਾ  ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬਰਨਾਲਾ ਵਿੱਚ ਹਰ ਰੋਜ਼ ਕਰੀਬ 200 ਆਕਸੀਜਨ ਦੇ ਸਲੰਡਰ ਲੱਗ ਰਹੇ ਹੈ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਲੱਬਧ ਕਰਵਾਏ ਜਾ ਰਹੇ ਹਨ। ਪ੍ਰਾਈਵੇਟ ਐਂਬੂਲੈਂਸਾਂ ਦੇ ਮਾਲਕਾਂ ਵੱਲੋਂ ਵਧੇਰੇ ਕਿਰਾਇਆ ਵਸੂਲੇ ਜਾਣ ਦੇ ਮਾਮਲੇ ’ਤੇ ਉਹਨਾਂ ਕਿਹਾ ਕਿ ਇਸ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here