*ਕੈਪਟਨ ਅਮਰਿੰਦਰ ਸਿੰਘ ਵਿਰੋਧੀ ਐਮ.ਐਲ.ਏ ਕਰ ਰਹੇ ਨੇਂ ਸ਼ਾਜਿਸਾਂ ਸਭ ਤੋਂ ਵੱਡੀ ਘਾਟ ਨਹੀਂ ਮਿਲ ਰਿਹਾ ਮੁੱਖ ਮੰਤਰੀ ਵਾਸਤੇ ਨਵਾਂ ਚਿਹਰਾ*

0
147

ਚੰਡੀਗੜ੍ਹ : 11 ਮਈ,(ਸਾਰਾ ਯਹਾਂ/ਬਿਊਰੋ ਰਿਪੋਰਟ) : ਕਾਂਗਰਸ ਪਾਰਟੀ ਦੇ ਵਿਧਾਇਕ ਖੇਮੇ ‘ਚ ਪਸਰੀ ਚੁੱਪ ਤੋਂ ਲਗਦਾ ਹੈ ਕਿ ਅਜੇ ਬਹੁਤ ਵਿਧਾਇਕ ‘ਦੇਖੋ ਤੇ ਉਡੀਕ ਕਰੋ‘ ਦੀ ਲਾਈਨ ਉੱਪਰ ਚੱਲ ਰਹੇ ਹਨ। ਜਿਹੜੀ ਗੱਲ ਸਭ ਦੀ ਜ਼ੁਬਾਨ ਤੋਂ ਪੜ੍ਹੀ ਜਾ ਰਹੀ ਹੈ ਉਹ ਹੈ ਬਹੁਗਿਣਤੀ ਵਿਧਾਇਕਾਂ ਵਿੱਚ ਕੈਪਟਨ ਖਿਲਾਫ ਰੋਸ। ਕੈਪਟਨ ਖੇਮੇ ਦੇ ਇੱਕ ਨੇਤਾ ਦਾ ਕਹਿਣਾ ਸੀ ਕਿ ਜੋ ਲੁੱਟ ਖਸੁੱਟ ਦੀ ਛੁੱਟੀ ਤੇ ਖੁੱਲ੍ਹ ਖੇਡ ਕੈਪਟਨ ਵੱਲੋਂ ਆਪਣੇ ਵਿਧਾਇਕਾਂ ਨੂੰ ਦਿੱਤੀ ਗਈ ਸੀ/ਹੈ, ਉਸ ਨੂੰ ਦੇਖ ਕੇ ਵਿਧਾਇਕਾਂ ਦੀ ਨਾਰਾਜ਼ਗੀ ਸਮਝੋਂ ਬਾਹਰ ਹੈ।

ਕੱਲ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ ਹੋਈ ਤਿੰਨ ਮੰਤਰੀਆਂ ਤੇ ਦੋ ਮੈਂਬਰ ਪਾਰਲੀਮੈਂਟਾਂ ਦੀ ਮੀਟਿੰਗ ਖਬਰਾਂ ‘ਚ ਹੀ ਹੈ ਅਤੇ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਇੱਕ ਮੰਤਰੀ ਸਮੇਤ 10 -12 ਹੋਰ ਵਿਧਾਇਕਾਂ ਦੀ ਮੀਟਿੰਗ ਵੀ ਹੋ ਚੁੱਕੀ ਹੈ। ਜਿਸ ਨੂੰ ਲੈ ਕੇ ਹੁਣ ਵੱਖ ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ।

ਅੱਜ ਦੀ ਮੀਟਿੰਗ ‘ਚ ਸ਼ਾਮਿਲ ਹੋਣ ਵਾਲਿਆਂ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਧਰੀ, ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਹਰਜੋਤ ਕਮਲ, ਬਲਵਿੰਦਰ ਸਿੰਘ ਧਾਲੀਵਾਲ, ਸੰਤੋਸ਼ ਭਲਾਈਪੁਰ, ਬਲਵਿੰਦਰ ਲਾਡੀ, ਜੋਗਿੰਦਰ ਪਾਲ ਤੇ ਦੋ ਹੋਰ ਵੀ  ਸ਼ਾਮਿਲ ਦੱਸੇ ਜਾਂਦੇ ਹਨ।

ਸਭ ਤੋਂ ਦਿਲਚਸਪ ਕਹਾਣੀ ਰਵਨੀਤ ਬਿੱਟੂ ਤੇ ਰਾਜ ਕੁਮਾਰ ਵੇਰਕਾ ਦੀ ਹੈ ਜੋ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਬੋਲੇ ਸਨ ਪਰ ਹੁਣ ਉਹ ਕੈਪਟਨ ਵਿਰੋਧੀ ਖੇਮੇ ‘ਚ ਸ਼ਾਮਿਲ ਹੋ ਗਏ ਹਨ। ਜਿੱਥੇ ਕੈਪਟਨ ਪੱਖੀ ਉਨ੍ਹਾਂ ਨੂੰ ਆਪਣੇ ਬੰਦੇ ਦੱਸ ਕੇ ਨਵਜੋਤ ਸਿੰਘ ਸਿੱਧੂ ਦੀ ਖੇਡ ਵਿਗਾੜਨ ਲਈ ਚੱਲੀ ਚਾਲ ਦੱਸ ਰਹੇ ਹਨ ਉੱਥੇ ਵਿਰੋਧੀ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦੀਆਂ ਚੂਲਾਂ ਹਿਲਾ ਦੇਣਾ ਦੱਸ ਰਹੇ ਹਨ।

ਸਭ ਤੋਂ ਹੈਰਾਨੀ ਦੀ ਗੱਲ ਹਾਈਕਮਾਂਡ ਵੱਲੋਂ ਧਾਰੀ ਖਾਮੋਸ਼ੀ ਹੈ। ਪੰਜਾਬ ਕਾਂਗਰਸ ਵਿੱਚ ਪੈ ਰਹੇ ਖਿਲਾਰੇ ਨੂੰ ਸ਼ਾਂਤ ਚਿਤ ਹੋ ਕੇ ਦੇਖ ਰਹੀ ਹਾਈਕਮਾਂਡ ਇਸ ਨੂੰ ਹੋਰ ਖਿਲਾਰਨ ਦੇ ਮੂਡ ਵਿੱਚ ਦਿਸ ਰਹੀ ਹੈ।    

ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਫਿਰ ਬਾਦਲ ਰਾਜ ਵਿੱਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਉੱਪਰ ਢਾਹੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਉਨ੍ਹਾਂ ਨਾਲ ਕੀਤੀ ਇੱਕ ਮੁਲਾਕਾਤ ਦੀ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਨੂੰ ਮੁੜ ਇਹ ਚੇਤੇ ਕਰਾਉਣ ਲਈ ਪਾਇਆ ਗਿਆ ਹੈ ਕਿ ਬਾਦਲਾਂ ਦੇ ਰਾਜ ਵਿੱਚ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਨੂੰ ਅੱਜ ਕਿਸ ਕਾਰਨ ਇਨਸਾਫ ਨਹੀਂ ਮਿਲਿਆ।

ਕਾਂਗਰਸ ਦੇ ਇਸ ਚੱਲ ਰਹੇ ਕਾਟੋ ਕਲੇਸ਼ ਦੌਰਾਨ ਲੋਕ ਹੁਣ ਕਰੋਨਾ ਮਹਾਂਮਾਰੀ ਦੌਰਾਨ ਸ਼ੁਰੂ ਹੋਈ ਕਾਂਗਰਸੀ ਜੰਗ ਦੀ ਨਿੰਦਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਲੋਕ ਹਰ ਰੋਜ਼ ਮਰ ਰਹੇ ਹਨ ਪਰ ਕਾਂਗਰਸੀ ਲੋਕਾਂ ਦੀ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਕੁਰਸੀ ਦੀ ਲੜਾਈ ਲੜ ਰਹੇ ਹਨ। ਕੁਝ ਲੋਕ ਇਸ ਨੂੰ ਕਰੋਨਾ ਤੇ ਕਿਸਾਨ ਘੋਲ ਦੇ ਵੱਡੇ ਮਸਲਿਆਂ ਤੋਂ ਲੋਕਾਂ ਦਾ ਧਿਆਲ ਭਟਕਾਉਣ ਦੀ ਚਾਲ ਵੀ ਦੱਸ ਰਹੇ ਹਨ। ਭਾਵੇਂ ਇਨ੍ਹਾਂ ਦੋਸ਼ਾਂ ਵਿੱਚ ਵੀ ਕੋਈ ਨਾ ਕੋਈ ਸਚਾਈ ਹੋਵੇ ਪਰ ਅਜੇ ਕੁਝ ਸਮਾਂ ਲੋਕਾਂ ਲਈ ਕਾਂਗਰਸ ਦੀ ਇਹ ਅੰਦਰੂਨੀ ਸਰਕਸ ਦਿਲਚਸਪ ਬਣੀ ਰਹਿਣ ਦੀ ਆਸ ਹੈ।ਕਾਂਗਰਸ ਹਾਈਕਮਾਂਡ ਇਸਨੂੰ ਕਿਵੇਂ ਸਮੇਟਣਾ ਚਾਹੁੰਦੀ ਹੈ ਇਸ ਵੱਲ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ?

LEAVE A REPLY

Please enter your comment!
Please enter your name here