ਬਠਿੰਡਾ 09, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਜ਼ਿਲ੍ਹਾ ਬਠਿੰਡਾ ਵਿੱਚ ਇੱਕ ਪੀਸੀਆਰ ਮੁਲਾਜ਼ਮ ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਜਿਸ ਮਗਰੋਂ 6 ਮੁਲਜ਼ਮਾਂ ਖਿਲਾਫ ਧਾਰਾ 307 ਤਹਿਤ ਮੁੱਕਦਮਾ ਦਰਜ ਕਰ ਲਿਆ ਗਿਆ। ਪੁਲਿਸ ਨੇ ਇਨ੍ਹਾਂ ਵਿੱਚੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 2 ਫਰਾਰ ਹਨ।
ਮਾਮਲਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਜਦੋਂ ਬਠਿੰਡਾ ਦੇ ਜਨਤਾ ਨਗਰ ਦੀ ਗਲੀ ਨੰਬਰ ਇੱਕ ਵਿੱਚੋਂ ਕਿਸੇ ਲੜਕੇ ਨੇ ਕੰਟਰੋਲ ਰੋਮ ਵਿੱਚ ਫੋਨ ਕੀਤਾ ਕਿ ਕੁਝ ਲੋਕ ਉਸ ਨੂੰ ਮਾਰਨ ਕੁੱਟਣ ਲਈ ਖੜ੍ਹੇ ਹਨ। ਉਸ ਨੇ ਦੱਸਿਆ ਕਿ ਉਹ ਗਲੀ ਨੰਬਰ 8 ਵਿੱਚ ਆਪਣੇ ਘਰ ਜਾਣਾ ਚਾਹੁੰਦਾ ਹੈ ਤਾਂ ਮੌਕੇ ਤੇ ਪੀਸੀਆਰ ਦੇ 2 ਮੁਲਾਜ਼ਮ ਪਹੁੰਚ ਗਏ।
ਜਦੋਂ ਪੁਲਿਸ ਵੱਲੋਂ ਉਸ ਨੂੰ ਘਰ ਛੱਡਣ ਦੇ ਲਈ ਬੈਠਾ ਲਿਆ ਗਿਆ ਤਾਂ ਰਸਤੇ ਵਿੱਚ ਖੜ੍ਹੇ 5-6 ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪੁਲਿਸ ਮੁਲਾਜ਼ਮ ਜਦੋਂ ਮੁੰਡੇ ਨੂੰ ਬਚਾਉਣ ਲੱਗੇ ਤਾਂ ਹਮਲਾਵਰਾਂ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ ਜਿਸ ਦੇ ਚੱਲਦੇ ਪੁਲਿਸ ਮੁਲਾਜ਼ਮ ਦੇ ਸਿਰ ਤੇ ਸੱਟਾ ਲਗੀਆਂ ਹਨ। ਇਸ ਤੋਂ ਬਾਅਦ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਸਿਵਲ ਹਸਪਤਾਲ਼ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਦੇ ਚੱਲਦੇ ਪੁਲਿਸ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਇੱਕ ਪਾਰਟੀ ਨੇ ਹਮਲਾ ਕੀਤਾ ਜਿਸ ਵਿੱਚ ਸਾਡੇ ਮੁਲਾਜ਼ਮ ਰੂਪ ਸਿੰਘ ਜ਼ਖਮੀ ਹੋ ਗਏ। ਉਨ੍ਹਾਂ ਦੇ ਬਿਆਨ ਦੇ ਆਧਾਰ ਉਤੇ ਉਨ੍ਹਾਂ 6 ਲੋਕਾ ਉਪਰ ਧਾਰਾ 307 ਤਹਿਤ ਮਾਮਲਾ ਦਰਜ ਕਰ 4 ਨੂੰ ਗ੍ਰਿਫਤਾਰ ਕਰ ਲਿਆ ਹੈ ਤੇ 2 ਹੋਰਾਂ ਦੀ ਤਲਾਸ਼ ਜਾਰੀ ਹੈ।