ਸਰਦੂਲਗੜ੍ਹ/ਝੁਨੀਰ 2 ਮਈ (ਸਾਰਾ ਯਹਾਂ/ਬਲਜੀਤ ਪਾਲ): ਸਬ-ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਕੋਟ ਧਰਮੂ ਦਾ ਕਿਸਾਨ ਆਗੂ ਜੋ ਨਵੰਬਰ 2020 ਤੋਂ ਕਿਸਾਨੀ ਸ਼ੰਘਰਸ ਦੌਰਾਨ ਦਿੱਲੀ ਬਾਰਡਰ ਤੇ ਲਗਾਏ ਧਰਨੇ ਚ ਲੰਬੇ ਸਮੇ ਤੋਂ ਲੰਗਰ ਚ ਆਪਣੀ ਡਿਊਟੀ ਨਿਭਾ ਰਿਹਾ ਸੀ। ਜਿਸ ਦੀ ਧਰਨੇ ਦੌਰਾਨ ਬਿਮਾਰ ਹੋਣ ਕਰਕੇ ਆਪਣੇ ਪਿੰਡ ਪਰਤਣ ਤੇ ਇਲਾਜ ਦੌਰਾਨ ਮੌਤ ਹੋ ਗਈ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਕੋਟ ਧਰਮੂ, ਅਮਰੀਕ ਸਿੰਘ ਕੋਟ ਧਰਮੂ, ਹਾਕਮ ਸਿੰਘ ਝੁਨੀਰ, ਗੁਰਬਖਸ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਸਮਿੰਦਰ ਸਿੰਘ ਬਿੱਕਰ ਨੇ ਦੱਸਿਆ ਕਿ ਪਿੰਡ ਕੋਟ ਧਰਮੂ ਦੇ ਇਕਾਈ ਖਿਜਾਨਚੀ ਗੁਰਚਰਨ ਸਿੰਘ (66) ਪੁੱਤਰ ਜਰਨੈਲ ਸਿੰਘ ਜੋ ਦਿੱਲੀ ਬਾਰਡਰ ਤੇ ਧਰਨਾ ਸੁਰੂ ਹੋਣ ਤੋ ਲੈਕੇ ਹੁਣ ਤੱਕ ਲਗਾਤਾਰ ਲੰਗਰ ਚ ਡਿਊਟੀ ਨਿਭਾ ਸੀ। ਧਰਨਾ ਦੌਰਾਨ ਬਿਮਾਰ ਹੋਣ ਤੋ ਬਆਦ ਜਦੋ ਹਾਲਾਤ ਜਿਆਦਾ ਬਿਗੜ ਗਏ ਤਾਂ ਉਸ ਨੂੰ ਪਿੰਡ ਲਿਆਂਦਾ ਗਿਆ। ਜਿਸ ਨੂੰ ਮਾਨਸਾ ਦੇ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਇਲਾਜ ਲਈ ਫਰੀਦਕੋਟ ਲਿਜਾਇਆ ਜਾ ਰਿਹਾ ਸੀ ਕਿ ਰਾਸਤੇ ਚ ਹੀ ਕਿਸਾਨ ਆਗੂ ਗੁਰਚਰਨ ਸਿੰਘ ਦੀ ਮੌਤ ਹੋ ਗਈ। ਉਸ ਦੇ ਦੋ ਲੜਕੇ ਹਨ ਜੋ ਵਿਆਹੇ ਹੋਏ ਹਨ। ਉਸ ਕੋਲ 4 ਏਕੜ ਜਮੀਨ ਹੈ।ਉਸ ਸਿਰ 4 ਲੱਖ ਦੇ ਕਰੀਬ ਕਰਜਾ ਹੈ। ਲੰਬੇ ਸਮੇਂ ਤੋ ਉਹ ਕਿਸਾਨੀ ਸੰਘਰਸ ਨਾਲ ਜੁੜਿਆ ਹੋਇਆ ਸੀ ਤੇ ਆਪਣੀ ਜਿੰਦਗੀ ਦਾ ਆਖਰੀ ਸਮਾਂ ਉਨ੍ਹਾਂ ਕਿਸਾਨੀ ਸ਼ੰਘਰਸ ਨੂੰ ਹੀ ਸਮਰਪਿਤ ਕਰ ਦਿੱਤਾ ਸੀ।
ਉਨ੍ਹਾਂ ਦਾ ਸਸਕਾਰ ਪਿੰਡ ਕੋਟ ਧਰਮੂ ਵਿਖੇ ਕਰ ਦਿੱਤਾ ਗਿਆ ਜਿੱਥੇ ਕਿਸਾਨ ਆਗੂਆਂ ਤੇ ਵਰਕਰਾਂ ਨੇ ਉਸ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਗੁਰਚਰਨ ਸਿੰਘ ਦੀ ਮੌਤ ਦੀ ਖਬਰ ਸੁਣਦਿਆ ਹੀ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ। ਪੰਜਾਬ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਵਿਸ਼ੇਸ਼ ਤੌਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਪਣੀ ਜਿੰਦਗੀ ਨੂੰ ਕਿਸਾਨੀ ਸੰਘਰਸ ਤੋਂ ਕੁਰਬਾਨ ਕਰਨ ਵਾਲੇ ਕਿਸਾਨ ਆਗੂ ਗੁਰਚਰਨ ਸਿੰਘ ਦੇ ਪਰਿਵਾਰ ਨੂੰ ਆਰਥਿਕ ਮਦਦ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ।
ਕੈਪਸ਼ਨ: ਮ੍ਰਿਤਕ ਕਿਸਾਨ ਆਗੂ ਗੁਰਚਰਨ ਸਿੰਘ ਦੀ ਫਾਇਲ ਫੋਟੋ।