02 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਪੱਛਮੀ ਬੰਗਾਲ ਵਿੱਚ ਹਾਰ ਦੇ ਨਾਲ ਹੀ ਬੀਜੇਪੀ ਨੂੰ ਤਾਮਿਲਨਾਡੂ ਵਿੱਚ ਵੀ ਵੱਡਾ ਝਟਕਾ ਲੱਗਾ ਹੈ। ਪੰਜ ਰਾਜਾਂ ਦੀਆਂ ਚੋਣਾਂ ’ਚ ਤਾਮਿਲਨਾਡੂ ਅਹਿਮ ਰਾਜ ਹੈ। ਇੱਥੇ ਅੰਨਾ ਡੀਐਮਕੇ ਤੇ ਬੀਜੇਪੀ ਦੀ ਸਰਕਾਰ ਸੀ ਪਰ ਹੁਣ ਕਾਂਗਰਸ ਤੇ ਡੀਐਮਕੇ ਗੱਠਜੋੜ ਨੇ ਬਾਜ਼ੀ ਮਾਰ ਲਈ ਹੈ।
234 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਡੀਐਮਕੇ ਗੱਠਜੋੜ 145 ਸੀਟਾਂ ਉੱਪਰ ਲੀਡ ਕਰ ਰਿਹਾ ਹੈ। ਅੰਨਾ ਡੀਐਮਕੇ ਤੇ ਬੀਜੇਪੀ ਮਹਿਜ਼ 88 ਸੀਟਾਂ ਉੱਪਰ ਸਿਮਟਦਾ ਵਿਖਾਈ ਦੇ ਰਿਹਾ ਹੈ। ਇਹ ਰੁਝਾਨ ਡੇਢ ਵਜੇ ਤੱਕ ਦੇ ਹਨ ਜੋ ਕਰੀਬ-ਕਰੀਬ ਅਸਲ ਨਤੀਜਿਆਂ ਵਿੱਚ ਹੀ ਬਦਲਣਗੇ।
ਦੱਸ ਦਈਏ ਕਿ ਸਾਲ 2016 ਦੀਆਂ ਚੋਣਾਂ ਦੌਰਾਨ ਅੰਨਾ ਡੀਐਮਕੇ ਨੇ ਜੈਲਲਿਤਾ ਦੀ ਅਗਵਾਈ ਹੇਠ ਜਿੱਤ ਹਾਸਲ ਕੀਤੀ ਸੀ ਪਰ 5 ਦਸੰਬਰ, 2016 ਨੂੰ ਜੈਲਲਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਓ. ਪਨੀਰਸੇਲਵਮ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ ਸਨ ਪਰ 73 ਦਿਨਾਂ ਪਿੱਛੋਂ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋ ਗਏ। 16 ਦਸੰਬਰ, 2017 ਨੂੰ ਈ. ਪਲਾਨੀਸਵਾਮੀ ਰਾਜ ਦੇ ਨਵੇਂ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਦੀ ਅਗਵਾਈ ਹੇਠ ਹੀ 2021 ਦੀਆਂ ਮੌਜਦਾ ਚੋਣਾਂ ਲੜੀਆਂ ਗਈਆਂ।
ਸਿਆਸੀ ਸਮੀਕਰਨ
ਤਾਮਿਲਨਾਡੂ ’ਚ AIADMK ਤੇ ਭਾਜਪਾ ਦਾ ਸੱਤਾਧਾਰੀ ਗੱਠਜੋੜ ਸਰਕਾਰ ’ਚ ਬਣੇ ਰਹਿਣ ਲਈ ਪੂਰੀ ਲੜਾਈ ਲੜਿਆ ਗਿਆ। ਉੱਧਰ ਡੀਐਮਕੇ-ਕਾਂਗਰਸ ਵੱਲੋਂ ਸਖ਼ਤ ਟੱਕਰ ਦਿੱਤੀ ਗਈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਸਥਾਨਕ ਆਗੂਆਂ ਨੇ ਚੋਣ ਦੰਗਲ ਲਈ ਰੈਲੀਆਂ ਕੀਤੀਆਂ। ਕਮਲ ਹਾਸਨ ਦੀ ਸਿਆਸੀ ਪਾਰਟੀ ਨੇ ਪਹਿਲੀ ਵਾਰ ਰਾਜ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਤੇ ਮੱਕਲ ਨਿਧੀ ਮੱਯਮ ਨੇ ਇਸ ਚੁਣਾਵੀ ਜੰਗ ਵਿੱਚ ਭਾਗ ਲਿਆ।
234 ਸੀਟਾਂ ਦੇ ਨਾਲ ਤਾਮਿਲਨਾਡੂ ‘ਚ ਏਆਈਏਡੀਐਮਕੇ ਦਾ ਰਾਜ ਹੈ। ਭਾਜਪਾ ਸੂਬੇ ਵਿੱਚ ਸਰਕਾਰ ਦੀ ਸਹਿਯੋਗੀ ਹੈ। ਇਸ ਵਾਰ ਵੀ ਦੋਵੇਂ ਇਕੱਠੇ ਚੋਣ ਲੜਿਆ ਹਨ। ਦੂਜੇ ਪਾਸੇ, ਕਾਂਗਰਸ ਤੇ ਡੀਐਮਕੇ ਨੇ 2019 ਦੀਆਂ ਚੋਣਾਂ ਦਾ ਆਪਣਾ ਗੱਠਜੋੜ ਅੱਗੇ ਰੱਖਿਆ ਹੈ। 2016 ਵਿਚ ਦੋਵਾਂ ਪਾਰਟੀਆਂ ਨੇ ਵੱਖਰੀਆਂ ਚੋਣਾਂ ਲੜੀਆਂ ਸੀ। ਇਸ ਵਾਰ ਡੀਐਮਕੇ ਦੇ ਨਾਲ ਸੀਪੀਆਈ, ਸੀਪੀਆਈ ਐਮ, ਵਿਦੁਟਾਲੇ ਚੈਰੂਤਗਲ ਕਛੀ, ਆਈਯੂਐਮਐਲ ਅਤੇ ਕੌਂਗੁਨਾਡੂ ਮੁੰਨੇਤਰਾ ਕਾਦੂਗਮ ਵੀ ਹਨ। ਜਦਕਿ ਕਮਲ ਹਸਨ ਦੀ ਪਾਰਟੀ ਮੱਕਲ ਨਿਧੀ ਮਾਇਆਅਮ ਵੀ ਚੋਣ ਮੈਦਾਨ ਵਿਚ ਹੈ।
ਤਾਮਿਲਨਾਡੂ ਵਿੱਚ ਪਿਛਲੇ ਪੰਜ ਦਹਾਕਿਆਂ ਦੀ ਰਾਜਨੀਤੀ ਵਿੱਚ ਦੋ ਪਾਰਟੀਆਂ ਡੀਐਮਕੇ ਤੇ ਏਆਈਡੀਐਮਕੇ ਦਾ ਦਬਦਬਾ ਰਿਹਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਪਾਰਟੀਆਂ ਆਪਣੇ ਪ੍ਰਮੁੱਖ ਨੇਤਾਵਾਂ ਜੈਲਲਿਤਾ ਤੇ ਕਰੁਣਾਨਿਧੀ ਤੋਂ ਬਗੈਰ ਚੋਣ ਮੁਹਿੰਮ ਵਿੱਚ ਹਿੱਸਾ ਲੈ ਰਹੀਆਂ ਹਨ। ਜੈਲਲਿਤਾ ਦੀ ਮੌਤ 2016 ਵਿੱਚ ਹੋਈ ਸੀ, ਜਦੋਂਕਿ ਕਰੁਣਾਨਿਧੀ ਦੀ ਮੌਤ 2018 ਵਿੱਚ ਹੋਈ ਸੀ।