ਬੁਢਲਾਡਾ 22 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) : ਸਥਾਨਕ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਂਣ ਅਤੇ ਇਨ੍ਹਾਂ ਕੌਂਸਲਰਾਂ ਵਿੱਚੋਂ ਹੀ ਪ੍ਰਧਾਨ ਅਤੇ ਉੱਪ ਪ੍ਰਧਾਨ ਚੁਣਨ ਸਬੰਧੀ ਕੌਂਸਲਰਾਂ ਦੀ ਮੀਟਿੰਗ 23 ਅਪ੍ਰੈਲ ਨੂੰ ਸਵੇਰੇ 11 ਵਜੇ ਮੀਟਿੰਗ ਹਾਲ ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਬੁਢਲਾਡਾ ਵਿਖੇ ਸੱਦੀ ਗਈ ਹੈ। ਇਸ ਤੋਂ ਪਹਿਲਾਂ ਪ੍ਰਧਾਨਗੀ ਦੀ ਚੋਣ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਸੀ। ਨਗਰ ਕੌਸਲ ਦੀ ਪ੍ਰਧਾਨਗੀ ਪਾਉਂਣ ਲਈ ਸੱਤਾਧਾਰੀ ਕਾਂਗਰਸ ਦੇ ਦੋ ਦਾਅਵੇਦਾਰ ਪ੍ਰਧਾਨਗੀ ਲਈ ਲੋੜੀਦੇ ਕੌਂਸਲਰ ਹੋਣ ਦਾ ਦਮ ਭਰ ਰਹੇ ਹਨ। ਇਹ ਦੋਨੋਂ ਦਾਅਵੇਦਾਰ ਖਜ਼ਾਨਾ ਮੰਤਰੀ ਰਿਹਾਇਸ ਤੇ ਜਾ ਕੇ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ, ਪਰ ਉਦੋਂ ਗੱਲ ਕਿਸੇ ਤਨ ਪਤਨ ਨਹੀਂ ਲੱਗ ਸਕੀ ਸੀ। ਕੁਝ ਗੁਪਤ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਪ੍ਰਧਾਨਗੀ ਸਬੰਧੀ ਕੋਈ ਅੜਿੱਕਾ ਨਹੀਂ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਇਸ ਪ੍ਰਧਾਨ ਸਬੰਧੀ ਸਹਿਮਤੀ ਬਣਾਉਂਣ ਵਿੱਚ ਸਫ਼ਲ ਹੋ ਜਾਣਗੇ। ਪ੍ਰਧਾਨਗੀ ਲਈ ਕਾਂਗਰਸ ਦੇ ਦੋਨੋਂ ਦਾਅਵੇਦਾਰਾਂ ਨੂੰ ਖੁਸ਼ ਕਰਨ ਲਈ ਵਿਚਕਾਰਲਾ ਰਾਹ ਕੱਢ ਕੇ ਇੱਕ ਨੂੰ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਅਤੇ ਕਾਂਗਰਸ ਦੀ ਹਮਾਇਤ ਕਰ ਰਹੇ ਅਜ਼ਾਦ ਉਮੀਦਵਾਰ ਵਿੱਚੋਂ ਇੱਕ ਨੂੰ ਮੀਤ ਪ੍ਰਧਾਨ ਬਣਾ ਕੇ ਮਸਲਾ ਹੱਲ ਲਿਆ ਜਾਵੇਗਾ। ਪ੍ਰਧਾਨਗੀ ਦੇ ਦੋਨੋਂ ਦਾਅਵੇਦਾਰਾਂ ਨੂੰ ਖੁਸ਼ ਕਰਨ ਲਈ ਕੁਝ ਕਾਂਗਰਸੀ ਆਗੂ ਹਾਈ ਕਮਾਨ ਤੱਕ ਪਹੁੰਚ ਕਰ ਰਹੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਮਨਪ੍ਰੀਤ ਬਾਦਲ ਨੇ ਸ਼ਹਿਰ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਦੋਨੋਂ ਕੌਸਲਰਾਂ ਨੇ ਆਪਣੇ-ਆਪਣੇ ਪ੍ਰਧਾਨਗੀ ਦੇ ਦਾਅਵੇ ਪੇਸ਼ ਕੀਤੇ ਸਨ। ਇਸ ਸਬੰਧੀ ਜਦੋਂ ਸ਼ਹਿਰ ਦੇ ਲੋਕਾਂ ਦੀ ਰਾਏ ਜਾਣਨਾ ਚਾਹੀ ਤਾਂ ਲੋਕਾਂ ਨੇ ਕਿਹਾ ਕਿ ਕੌਂਸਲ ਦਾ ਪ੍ਰਧਾਨ ਇਹੋ ਜਿਹਾ ਬਣਨਾ ਚਾਹੀਦਾ ਹੈ, ਜੋ ਸ਼ਹਿਰ ਦਾ ਵਿਕਾਸ ਨਿਰੱਪਖ ਹੋ ਕੇ ਕਰ ਸਕੇ।