ਅੰਮ੍ਰਿਤਸਰ 21 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਲੌਕਡਾਊਨ ਨੇ ਪਰਵਾਸੀ ਮਜ਼ਦੂਰਾਂ ਦੇ ਸੰਘ ਸੁਕਾ ਦਿੱਤੇ ਹਨ। ਮਜ਼ਦੂਰਾਂ ਨੇ ਆਪਣੇ ਪਿਤਰੀ ਰਾਜਾਂ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕਰਕੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਇੰਨੀ ਭੀੜ ਦਿਖਾਈ ਦੇ ਰਹੀ ਹੈ।
ਪਿਛਲੇ ਸਾਲ ਦੀ ਤਾਲਾਬੰਦੀ ਤੋਂ ਬਾਅਦ ਅੰਮ੍ਰਿਤਸਰ ਦੀਆਂ ਫੈਕਟਰੀਆਂ ਹਾਲੇ ਪੂਰੀ ਤਰ੍ਹਾਂ ਲੀਹ ‘ਤੇ ਪਰਤੀਆਂ ਵੀ ਨਹੀਂ ਸਨ ਕਿ ਹੁਣ ਫਿਰ ਤੋਂ ਲੇਬਰ ਆਪਣੇ ਘਰਾਂ ਨੂੰ ਮੁੜਣ ਲੱਗੀ ਹੈ। ਅੰਮ੍ਰਿਤਸਰ ਵਿੱਚੋਂ ਤਕਰੀਬਨ 30 ਫ਼ੀਸਦ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਆਪਣੇ ਪਿਤਰੀ ਸੂਬਿਆਂ ਨੂੰ ਵਾਪਸ ਪਰਤ ਚੁੱਕੇ ਹਨ ਅਤੇ ਇਹ ਸਿਲਸਿਲਾ ਜਾਰੀ ਹੈ।
ਸਟੇਸ਼ਨ ਪਹੁੰਚੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਜਿਹੜੀ ਪਹਿਲਾਂ ਮਿਲੀ ਉਹ ਉਸੇ ਟ੍ਰੇਨ ‘ਤੇ ਚੜ੍ਹ ਜਾਣਗੇ ਕਿਉਂਕਿ ਇੱਥੇ ਕੰਮ ਨਹੀਂ ਮਿਲ ਰਿਹਾ। ਮਜ਼ਦੂਰਾਂ ਮੁਤਾਬਕ ਫੈਕਟਰੀਆਂ ਵਿੱਚ ਕੰਮ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦ ਪਿਛਲੇ ਸਾਲ ਲੌਕਡਾਊਨ ਹੋਇਆ ਸੀ ਤਾਂ ਉਨ੍ਹਾਂ ਆਪਣੇ ਪਿੰਡਾਂ ਤੋਂ ਪੈਸੇ ਮੰਗਵਾਏ ਸਨ ਅਤੇ ਬੁਰੀ ਤਰ੍ਹਾਂ ਕਰਜ਼ੇ ਹੇਠ ਆ ਗਏ ਸਨ। ਇਸ ਵਾਰ ਅਜਿਹੀ ਨੌਬਤ ਨਾ ਆਵੇ ਇਸ ਲਈ ਉਹ ਵਾਪਸ ਜਾਣ ਨੂੰ ਹੀ ਬਿਹਤਰ ਉਪਾਅ ਦੱਸ ਰਹੇ ਹਨ।
ਹਾਲਾਂਕਿ, ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੂਬਿਆਂ ਨੂੰ ਤਾਲਾਬੰਦੀ ਤੋਂ ਗੁਰੇਜ਼ ਕਰਨ ਅਤੇ ਇਸ ਨੂੰ ਆਖਰੀ ਵਿਕਲਪ ਵਜੋਂ ਵਰਤਣ ਦੀ ਸਲਾਹ ਦਿੱਤੀ ਹੈ। ਪਰ ਪਿਛਲੇ ਸਾਲ ਲੱਗੀ ਦੇਸ਼ ਵਿਆਪੀ ਤਾਲਾਬੰਦੀ ਕਾਰਨ ਪਰਵਾਸੀ ਮਜ਼ਦੂਰਾਂ ਨੇ ਬਹੁਤ ਔਖ ਕੱਟੀ ਸੀ। ਜਿਨ੍ਹਾਂ ਨੂੰ ਕੋਈ ਰੇਲ-ਬੱਸ ਆਦਿ ਸਾਧਨ ਨਾ ਮਿਲਿਆ ਉਨ੍ਹਾਂ ਸਾਈਕਲਾਂ ਜਾਂ ਪੈਦਲ ਹੀ ਆਪਣੇ ਪਿੰਡਾਂ ਵੱਲ ਚਾਲੇ ਪਾ ਦਿੱਤੇ ਸਨ। ਮਜ਼ਦੂਰ ਇਸ ਸਮੇਂ ਸਹਿਮ ਵਿੱਚ ਹਨ ਕਿ ਜੇਕਰ ਪਿਛਲੇ ਸਾਲ ਵਾਲੇ ਹਾਲਾਤ ਬਣਦੇ ਹਨ ਤਾਂ ਉਹ ਕੀ ਕਰਨਗੇ।