*IG ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਵਾਂ ਧਮਾਕਾ, ਸੁਖਬੀਰ ਬਾਦਲ ‘ਤੇ ਖੜ੍ਹੇ ਕੀਤੇ ਵੱਡੇ ਸਵਾਲ*

0
216

ਚੰਡੀਗੜ੍ਹ19 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਬੇਅਦਬੀ ਤੇ ਗੋਲੀ ਕਾਂਡ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਡੀਜੀਪੀ ਤੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਇਲਜ਼ਾਮ ਲਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਗਵਾਹ ਉੱਤੇ ਦਬਾਅ ਪਾ ਰਹੇ ਹਨ ਤੇ ਉਸ ਨੂੰ ਨੌਕਰੀ ਦਿਵਾਉਣ ਦਾ ਲਾਲਚ ਦੇ ਰਹੇ ਹਨ। ਕੁੰਵਰ ਵਿਜੇ ਪ੍ਰਤਾਪ ਨੇ ਇਹ ਚਿੱਠੀ ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ SIT (ਵਿਸ਼ੇਸ਼ ਜਾਂਚ ਟੀਮ) ਦਾ ਨਵੇਂ ਸਿਰੇ ਤੋਂ ਗਠਨ ਕੀਤੇ ਜਾਣ ਦਾ ਹੁਕਮ ਜਾਰੀ ਕਰਨ ਤੋਂ ਕੁਝ ਦਿਨ ਪਹਿਲਾਂ ਲਿਖੀ ਸੀ।

ਆਈਜੀ ਕੁੰਵਰ ਪ੍ਰਤਾਪ ਸਿੰਘ ਨੇ ਆਪਣੀ ਚਿੱਠੀ ਵਿੱਚ ਦੋਸ਼ ਲਾਇਆ ਸੀ ਕਿ ‘ਮੁੱਖ ਸ਼ੱਕੀ’ ਸੁਖਬੀਰ ਸਿੰਘ ਬਾਦਲ ਇਸ ਮੁੱਖ ਗਵਾਹ ਅਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਦਿਵਾਉਣ ਦਾ ਲਾਲਚ ਦੇ ਰਹੇ ਹਨ। 14 ਅਕਤੂਬਰ, 2015 ਨੂੰ ਜਦੋਂ 18 ਵਿਅਕਤੀ ਰੋਸ ਮੁਜ਼ਾਹਰਾ ਕਰ ਰਹੇ ਸਨ, ਤਦ ਪੁਲਿਸ ਦੀ ਗੋਲੀਬਾਰੀ ਕਾਰਨ ਜਿਹੜੇ ਵਿਅਕਤੀ ਜ਼ਖ਼ਮੀ ਹੋਏ ਸਨ, ਉਨ੍ਹਾਂ ਵਿੱਚ ਅਜੀਤ ਸਿੰਘ ਵੀ ਸ਼ਾਮਲ ਸਨ। ਬਹੁਤੇ ਪੁਲਿਸ ਅਧਿਕਾਰੀਆਂ ਤੇ ਹੋਰਨਾਂ ਵਿਰੁੱਧ ਅਜੀਤ ਸਿੰਘ ਹੁਰਾਂ ਨੇ ਹੀ ਸ਼ਿਕਾਇਤ ਦਰਜ ਕਰਵਾਈ ਸੀ।

ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਸੀ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡਾਂ ਵਿੱਚ ਕੁਝ ਹਾਈ ਪ੍ਰੋਫ਼ਾਈਲ ਮੁਲਜ਼ਮ ਮੁੱਖ ਗਵਾਹਾਂ ਉੱਤੇ ਦਆਅ ਪਾ ਰਹੇ ਹਨ। ਉਨ੍ਹਾਂ ਆਪਣੀ ਚਿੱਠੀ ਵਿੱਚ ਇਹ ਵੀ ਆਖਿਆ ਸੀ ਕਿ ਅਜਿਹਾ ਦਬਾਅ ਅਜਿਹੇ ਗਵਾਹਾਂ ਉੱਤੇ ਵੱਧ ਪਾਇਆ ਜਾ ਰਿਹਾ ਹੈ, ਜਿਹੜੇ ਹੁਣ ਤੱਕ ਸੁੱਖ-ਸੁਵਿਧਾਵਾਂ ਤੋਂ ਵਾਂਝੇ ਰਹੇ ਵਰਗਾਂ ਨਾਲ ਸਬੰਧਤ ਹਨ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਚਿੱਠੀ ਦੀਆਂ ਕਾਪੀਆਂ ਏਡੀਜੀਪੀ, ਇੰਟੈਲੀਜੈਂਸ ਤੇ ਫ਼ਰੀਦਕੋਟ ਦੇ ਐੱਸਐੱਸਪੀ ਨੂੰ ਵੀ ਭੇਜੀਆਂ ਸਨ।

ਆਈਜੀ ਵਿਜੇ ਪ੍ਰਤਾਪ ਸਿੰਘ ਅਨੁਸਾਰ ਇਹ ਤੱਥ ਧਿਆਨ ਗੋਚਰੇ ਲਿਆਂਦਾ ਗਿਆ ਸੀ ਕਿ ਮੁੱਖ ਗਵਾਹ ਅਜੀਤ ਸਿੰਘ ਨੂੰ ਬੀਤੀ 2 ਫ਼ਰਵਰੀ ਨੂੰ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (SGPC) ਦੇ ਦਫ਼ਤਰ ਸੱਦਿਆ ਗਿਆ ਸੀ। SGPC ਉੱਤੇ ਪਿਛਲੇ ਲੰਮੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦੀ ਪੂਰੀ ਮਜ਼ਬੂਤ ਪਕੜ ਹੈ। ਉੱਧਰ ਅਜੀਤ ਸਿੰਘ ਹੁਰਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪਬ੍ਰੰਧਕ ਕਮੇਟੀ ਵੱਲੋਂ ਕਿਸੇ ਨੌਕਰੀ ਲਈ ਨਹੀਂ ਸੱਦਿਆ ਗਿਆ।

ਯਾਦ ਰਹੇ ਪੰਜਾਬ ਦੀ ਸਿਆਸਤ ਵਿੱਚ ਬੇਅਦਬੀ ਤੇ ਗੋਲੀ ਕਾਂਡ ਮੁੜ ਮੁੱਖ ਮੁੱਦਾ ਬਣ ਗਿਆ ਹੈ। ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰਿਪੋਰਟ ਰੱਦ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸੱਤਾਧਿਰ ਕਾਂਗਰਸ ਵੀ ਕਟਹਿਰੇ ਵਿੱਚ ਆ ਗਈ ਹੈ। ਕੈਪਟਨ ਸਰਕਾਰ ਉੱਪਰ ਸਵਾਲ ਉੱਠ ਰਹੇ ਹਨ ਹਨ ਕਿ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਵੀ ਉਹ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਵਾ ਸਕੇ।

ਦੂਜੇ ਪਾਸੇ ਜਾਂਚ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਚਰਚਾ ਵਿੱਚ ਹਨ। ਉਨ੍ਹਾਂ ਦੇ ਅਸਤੀਫੇ ਮਗਰੋਂ ਮਾਮਲਾ ਹੋਰ ਗਰਮਾ ਗਿਆ ਹੈ। ਦੱਸ ਦੇਈਏ ਕਿ ਹਾਈਕੋਰਟ ਹੁਣ ਇਹ ਸਪੱਸ਼ਟ ਨਿਰਦੇਸ਼ ਜਾਰੀ ਕਰ ਚੁੱਕੀ ਹੈ ਕਿ ਨਵੀਂ SIT ’ਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਣੇ ਚਾਹੀਦੇ।

LEAVE A REPLY

Please enter your comment!
Please enter your name here