*ਦੂਜੇ ਦਿਨ ਵੀ ਬਰਨਾਲਾ ‘ਚ ਸ਼ੁਰੂ ਨਹੀਂ ਹੋਈ ਕਣਕ ਦੀ ਖਰੀਦ, ਕਿਸਾਨ ਹੋ ਰਹੇ ਪ੍ਰੇਸ਼ਾਨ*

0
8

ਬਰਨਾਲਾ 12ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਹਾੜੀ ਦੇ ਸੀਜ਼ਨ ਦੇ ਮੱਦੇਨਜ਼ਰ ਕਣਕ ਦੀ ਫ਼ਸਲ ਦੀ ਕਟਾਈ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ। ਕਿਸਾਨਾਂ ਵਲੋਂ ਖੇਤਾਂ ’ਚੋਂ ਪੱਕ ਚੁੱਕੀ ਕਣਕ ਦੀ ਵਾਢੀ ਕੰਬਾਈਨਾਂ ਨਾਲ ਕੀਤੀ ਜਾ ਰਹੀ ਹੈ।10 ਦਿਨਾਂ ਦੇਰੀ ਨਾਲ ਖ਼ਰੀਦ ਕਰਕੇ ਕਿਸਾਨਾਂ ਨੇ ਸਰਕਾਰ ਤੋਂ ਨਰਾਜ਼ਗੀ ਜਤਾਈ ਹੈ।ਦੇਰੀ ਨਾਲ ਫ਼ਸਲ ਕੱਟਣ ਅਤੇ ਹੋਰ ਕਈ ਕਾਰਨਾਂ ਕਰਕੇ ਫ਼ਸਲ ਦਾ ਝਾੜ ਘਟਿਆ ਹੈ।

ਦਾਣਾ ਮੰਡੀਆਂ ਵਿੱਚ ਵੀ ਸਰਕਾਰ ਦੇ ਖ਼ਰੀਦ ਪ੍ਰਬੰਧਾਂ ਦੇ ਦਾਅਵੇ ਖੋਖਲੇ ਨਿਕਲੇ ਹਨ।ਦੂਜੇ ਦਿਨ ਵੀ ਬਰਨਾਲਾ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਪੂਰੀ ਤਰਾਂ ਪੱਕ ਚੁੱਕੀ ਹੈ ਅਤੇ ਕਿਸਾਨ ਆਪਣੀ ਫ਼ਸਲ ਵੱਢ ਕੇ ਮੰਡੀਆਂ ਵਿੱਚ ਲਿਆ ਰਹੇ ਹਨ। ਪਰ ਮੰਡੀ ਵਿੱਚ ਕਿਸੇ ਵੀ ਤਰਾਂ ਦੇ ਪ੍ਰਬੰਧ ਨਹੀਂ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੇ 10 ਦਿਨ ਦੇਰੀ ਨਾਲ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਦਾਅਵਾ ਕੀਤਾ ਸੀ। ਜਿਸ ਕਰਕੇ ਉਹਨਾਂ ਵਲੋਂ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਆਪਣੀ ਫ਼ਸਲ ਬੀਤੇ ਕੱਲ ਮੰਡੀ ਵਿੱਚ ਲਿਆਂਦੀ ਗਈ। ਪਰ ਕੋਈ ਵੀ ਵਿਭਾਗ ਦਾ ਅਧਿਕਾਰੀ ਦੂਜੇ ਦਿਨ ਵੀ ਉਹਨਾਂ ਕੋਲ ਫ਼ਸਲ ਖ਼ਰੀਦਣ ਨਹੀਂ ਪੁੱਜਿਆ। 

ਉਹਨਾਂ ਦੱਸਿਆ ਕਿ ਮੰਡੀਆਂ ਵਿੱਚ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਨਾ ਤਾਂ ਪੀਣ ਵਾਲਾ ਪਾਣੀ ਹੈ, ਨਾ ਹੀ ਫ਼ਲੱਸ਼ ਵਗੈਰਾ ਦੇ ਕੋਈ ਪ੍ਰਬੰਧ ਹਨ। ਬੀਤੇ ਕੱਲ ਤੋਂ ਆਵਾਰਾ ਪਸ਼ੂਆਂ ਨੇ ਉਹਨਾਂ ਨੂੰ ਬਹੁਤ ਪ੍ਰੇਸਾਨ ਕੀਤਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਆਵਾਰਾ ਪਸ਼ੂ ਮੰਡੀ ਵਿੱਚ ਘੁੰਮ ਰਹੇ ਹਨ। ਪਰ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦੀ ਸਾਰ ਲੈਣ ਕੋਈ ਅਧਿਕਾਰੀ ਨਹੀਂ ਪੁੱਜੇ।

ਉਹਨਾਂ ਦੱਸਿਆ ਕਿ ਬੀਤੇ ਕੱਲ ਭਾਵੇਂ ਆੜਤੀਆਂ ਦੀ ਹੜਤਾਲ ਕਾਰਨ ਖ਼ਰੀਦ ਨਹੀਂ ਹੋ ਸਕੀ, ਪਰ ਅੱਜ ਤਾਂ ਉਹਨਾਂ ਦੀ ਵੀ ਹੜਤਾਲ ਖ਼ਤਮ ਹੈ, ਪਰ ਇਸਦੇ ਬਾਵਜੂਦ ਫ਼ਸਲ ਦੀ ਬੋਲੀ ਲਗਾਉਣ ਕੋਈ ਨਹੀਂ ਆਇਆ। ਜਿਸ ਕਰਕੇ ਫ਼ਸਲ ਲੈ ਕੇ ਬੈਠੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਉਹਨਾਂ ਦੱਸਿਆ ਕਿ ਕੋਰੋਨਾ ਨੂੰ ਲੈ ਕੇ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਕੋਈ ਪ੍ਰਬੰਧ ਨਹੀ ਕੀਤੇ ਗਏ। 

ਉਥੇ ਇਸਦੇ ਉਲਟ ਮੰਡੀਬੋਰਡ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਹਰ ਤਰਾਂ ਦੇ ਪ੍ਰਬੰਧ ਪੂਰੇ ਹੋਣ ਦੇ ਦਾਅਵੇ ਕਰ ਰਹੇ ਹਨ। ਜ਼ਿਲਾ ਮੰਡੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਭ ਤੋਂ ਪਹਿਲਾਂ ਮੰਡੀਆਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਪੀਣ ਵਾਲੇ ਪਾਣੀ ਸਮੇਤ ਹੋ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ। ਆਵਾਰਾ ਪਸ਼ੂਆਂ ਨੂੰ ਮੰਡੀਆਂ ਵਿੱਚੋਂ ਬਾਹਰ ਕੱਢਣ ਲਈ ਟੀਮਾਂ ਬਣਾਈਆਂ ਗਈਆਂ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਹੱਥ ਧੋਣ ਲਈ ਪ੍ਰਬੰਧ ਅਤੇ ਸ਼ੋਸ਼ਲ ਡਿਸਟੈਂਸ ਦੇ ਮੱਦੇਨਜ਼ਰ ਡੱਬੇ ਬਣਾ ਕੇ ਫ਼ਸਲ ਸੁਟਵਾਈ ਜਾ ਰਹੀ ਹੈ। ਇਸ ਲਈ ਆੜਤੀਆਂ ਨੂੰ ਟੋਕਨ ਦਿੱਤੇ ਜਾ ਰਹੇ ਹਨ ਅਤੇ ਕਿਸਾਨਾਂ ਦੀ ਫ਼ਸਲ ਵਾਰੀ ਅਨੁਸਾਰ ਮੰਡੀ ਵਿੱਚ ਆਵੇਗੀ ਅਤੇ ਖ਼ਰੀਦ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਮੰਡੀ ਵਿੱਚ ਆ ਚੁੱਕੀ ਫ਼ਸਲ ਦੀ ਸਫ਼ਾਈ ਸ਼ੁਰੂ ਹੋ ਗਈ ਹੈ ਅਤੇ ਜਲਦ ਖ਼ਰੀਦ ਸ਼ੁਰੂ ਹੋ ਜਾਵੇਗੀ।

LEAVE A REPLY

Please enter your comment!
Please enter your name here