ਬੋਹਾ 11 ਅਪ੍ਰੈਲ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)- ਅੱਜ ਪਟਿਆਲਾ ਵਿੱਚ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਆਪਣੇ ਹੱਕ ਮੰਗਣ ਲਈ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਅਣਮਨੁੱਖੀ ਤਸ਼ੱਦਦ ਕਰਨਾ ਬੇਹੱਦ ਨਿੰਦਣਯੋਗ ਹੈ ਜੋ ਕਿ ਪੰਜਾਬ ਸਰਕਾਰ ਦੇ ਘਰ ਘਰ ਨੌਕਰੀ ਦੇਣ ਦੇ ਵਾਅਦੇ ਦੀ ਪੋਲ ਖੋਲ੍ਹਦਾ ਹੈ ।ਉਕਤ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਇੱਥੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਹੇ ।ਉਨ੍ਹਾਂ ਆਖਿਆ ਕਿ ਅੱਜ ਮੋਤੀ ਮਹਿਲ ਵੱਲ ਵਧ ਰਹੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਾਰਕੁਨਾਂ ਉੱਪਰ ਪੁਲੀਸ ਵੱਲੋਂ ਘਟੀਆ ਤਰੀਕੇ ਨਾਲ ਕੀਤਾ ਗਿਆ ਲਾਠੀਚਾਰਜ ਨਾ ਸਹਿਣਯੋਗ ਸੀ ਜਿਸ ਤੋਂ ਨਾਰਾਜ਼ ਹੋ ਕੇ ਉਕਤ ਅਧਿਆਪਕਾਂ ਨੇ ਉਥੇ ਸੜਕ ਉਪਰ ਮੌਜੂਦ ਨਹਿਰ ਵਿੱਚ ਛਾਲਾਂ ਮਾਰ ਦਿੱਤੀਆਂ ਜੋ ਕਿ ਪੰਜਾਬ ਸਰਕਾਰ ਲਈ ਸ਼ਰਮਸ਼ਾਰ ਕਰਨ ਵਾਲੀ ਘਟਨਾ ਹੈ ।ਧੰਨਾ ਮੱਲ ਗੋਇਲ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਹਰ ਵਰਗ ਨਾਲ ਕੀਤੇ ਪਰ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਵੀ ਵਰਗ ਨਾਲ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਅੱਜ ਲੋਕਾਂ ਨੂੰ ਮਜਬੂਰਨ ਸਡ਼ਕਾਂ ਤੇ ਉਤਰਨਾ ਪੈ ਰਿਹਾ ਹੈ ।ਸੂਬਾ ਪ੍ਰਧਾਨ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਬੇਰੁਜ਼ਗਾਰ ਸਾਂਝਾ ਮੋਰਚਾ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ,ਡਾ ਪ੍ਰੇਮ ਚੰਦ ਗਰਗ ਮਾਨਸਾ, ਬਲਾਕ ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ , ਜ਼ਿਲ੍ਹਾ ਸਕੱਤਰ ਹਰਚਰਨ ਸਿੰਘ ਮੱਤੀ ਆਦਿ ਮੌਜੂਦ ਸਨ