*ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਵਾਸਤੇ ਸੂਬੇ ਦੇ ਸਾਰੇ 22 ਜਿਲਿਆਂ ਲਈ ਕੰਟਰੋਲ ਰੂਮ ਦੇ ਨੰਬਰ ਜਾਰੀ*

0
115

ਚੰਡੀਗੜ੍ਹ, 11 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)  : ਸੂਬੇ ਵਿੱਚ ਹਾੜ੍ਹੀ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਹੈੱਡਕੁਆਰਟਰ ਵਿਖੇ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿੱਚ ਸਾਰੇ 22 ਜ਼ਿਲਿਆਂ ਲਈ ਸੰਪਰਕ ਨੰਬਰ ਜਾਰੀ ਕੀਤੇ ਹਨ ਤਾਂ ਕਿ ਕੋਵਿਡ-19 ਦੇ ਮੱਦੇਨਜ਼ਰ ਖਰੀਦ ਕਾਰਜਾਂ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਮਸਲਿਆਂ ਦਾ ਫੌਰੀ ਹੱਲ ਕੱਢਿਆ ਜਾ ਸਕੇ।  

          ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਦਿ੍ੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਸਮਾਜਿਕ ਦੂਰੀ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਤਾਂ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਮੰਡੀਆਂ ਵਿਚ ਸੈਨੀਟਾਈਜ਼ਰ, ਮਾਸਕ, ਹੱਥ ਧੋਣ ਦੇ ਪ੍ਬੰਧ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ।

         ਮੰਡੀ ਬੋਰਡ ਦੇ ਇਕ ਬੁਲਾਰੇ ਨੇ ਅੱਜ ਦੱਸਿਆ ਕਿ ਚੇਅਰਮੈਨ ਨੇ ਕਿਸਾਨਾਂ ਨੂੰ ਮੰਡੀ ਬੋਰਡ ਦੀ ਮੋਬਾਈਲ ਐਪ ‘e-PMB’ ਡਾਊਨਲੋਡ ਕਰਨ ਲਈ ਆਖਿਆ ਹੈ ਤਾਂ ਕਿ ਮੰਡੀਆਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਕਣਕ ਵੇਚਣ ਲਈ ਈ-ਪਾਸ ਬਾਰੇ ਤਾਜ਼ਾ ਜਾਣਕਾਰੀ ਮਿਲਦੀ ਰਹੇ। ਉਨਾਂ ਨੇ ਉਮੀਦ ਜਾਹਰ ਕੀਤੀ ਕਿ ਇਸ ਐਪ ਨਾਲ ਕੋਵਿਡ-19 ਦੀ ਭਿਆਨਕ ਬਿਮਾਰੀ ਦੇ ਮੱਦੇਨਜ਼ਰ ਕਣਕ ਦੀ ਖਰੀਦ ਲਈ ਸਾਰੇ ਭਾਈਵਾਲਾਂ ਨੂੰ ਬਹੁਤ ਲਾਭ ਹੋਵੇਗਾ।

          ਕਣਕ ਦੀ ਖਰੀਦ ਬਾਰੇ ਬੁਲਾਰੇ ਨੇ ਦੱਸਿਆ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਖਰੀਦ ਨਾਲ ਸਬੰਧਤ ਕਿਸੇ ਵੀ ਮਸਲੇ ’ਤੇ ਪਹਿਲਾਂ ਸਬੰਧਤ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਤਾਲਮੇਲ ਕਰਨਾ ਚਾਹੀਦਾ ਹੈ ਅਤੇ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਆਪੋ-ਆਪਣੇ ਜ਼ਿਲੇ ਦੇ ਕੰਟਰੋਲ ਰੂਮ ’ਤੇ ਰਾਬਤਾ ਕਾਇਮ ਕਰ ਸਕਦੇ ਹਨ।

          ਮੰਡੀ ਬੋਰਡ ਦੇ ਮੁਹਾਲੀ ਸਥਿਤ ਹੈੱਡਕੁਆਰਟਰ ਵਿਖੇ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿਚ ਵਿਸ਼ੇਸ਼ ਟੀਮ ਡਿਊਟੀ ਨਿਭਾਏਗੀ ਜੋ ਸਵੇਰੇ ਤੋਂ ਸ਼ਾਮ ਤੱਕ ਕਿਸਾਨਾਂ, ਆੜ੍ਹਤੀਆਂ ਤੇ ਹੋਰਾਂ ਦੀਆਂ ਸ਼ਿਕਾਇਤਾਂ ਅਤੇ ਸਵਾਲਾਂ ਦਾ ਨਿਪਟਾਰਾ ਕਰੇਗੀ।

ਕੰਟਰੋਲ ਰੂਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਟੇਟ ਕੰਟਰੋਲ ਰੂਮ ’ਤੇ ਸਾਰੇ ਜ਼ਿਲਿਆਂ ਲਈ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ ਜਿੱਥੇ ਮੰਡੀ ਬੋਰਡ ਦੀਆਂ ਟੀਮਾਂ ਨੂੰ ਖਰੀਦ ਕਾਰਜਾਂ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਲਈ ਤਾਇਨਾਤ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਅੰਮਿਤਸਰ ਜ਼ਿਲੇ ਦੇ ਕਿਸਾਨ ਅਤੇ ਆੜ੍ਹਤੀਏ 0172-5101647 ’ਤੇ ਸੰਪਰਕ ਕਾਇਮ ਕਰ ਸਕਦੇ ਹਨ। ਇਸੇ ਤਰਾਂ ਬਰਨਾਲਾ (0172-5101673), ਬਠਿੰਡਾ (0172-5101668), ਫਰੀਦਕੋਟ (0172-5101694), ਫਤਹਿਗੜ੍ਹ ਸਾਹਿਬ (0172-5101665) ਅਤੇ ਫਾਜ਼ਿਲਕਾ (0172-5101650) ’ਤੇ ਸੰਪਰਕ ਕਰ ਸਕਦੇ ਹਨ। ਫਿਰੋਜ਼ਪੁਰ (0172-5101609), ਗੁਰਦਾਸਪੁਰ (0172-5101619), ਹੁਸ਼ਿਆਰਪੁਰ (0172-5101605), ਜਲੰਧਰ (0172-5101682), ਕਪੂਰਥਲਾ (0172-5101620), ਲੁਧਿਆਣਾ (0172-5101629) ਅਤੇ ਮਾਨਸਾ (0172-5101648) ’ਤੇ ਰਾਬਤਾ ਕਾਇਮ ਕਰ ਸਕਦੇ ਹਨ।

ਇਸੇ ਤਰ੍ਹਾਂ ਮੋਗਾ ਦੇ ਕਿਸਾਨ ਅਤੇ ਆੜ੍ਹਤੀਏ ਕੰਟਰੋਲ ਰੂਮ ਨਾਲ 0172-5101700 ’ਤੇ ਸੰਪਰਕ ਕਰ ਸਕਦੇ ਹਨ, ਮੁਹਾਲੀ (0172-5101641), ਪਠਾਨਕੋਟ (0172-5101651), ਪਟਿਆਲਾ (0172-5101652), ਰੋਪੜ (0172-5101646), ਸੰਗਰੂਰ (0172-5101692) ‘ਤੇ ਸੰਪਰਕ ਕਰ ਸਕਦੇ ਹਨ। ਇਸੇ ਤਰਾਂ ਐਸ.ਬੀ.ਐਸ.  ਨਗਰ (0172-5101649), ਸ੍ਰੀ ਮੁਕਤਸਰ ਸਾਹਿਬ (0172-5101659) ਅਤੇ ਤਰਨਤਾਰਨ (172-5101643) ’ਤੇ ਰਾਬਤਾ ਕਰ ਸਕਦੇ ਹਨ।

LEAVE A REPLY

Please enter your comment!
Please enter your name here