ਮਾਨਸਾ, 6 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ): ਆਉਂਦੀ 10 ਅਪ੍ਰੈਲ ਤੋਂ ਅਨਾਜ ਮੰਡੀਆਂ ਵਿੱਚ ਆਰੰਭ ਹੋਣ ਵਾਲੀ ਕਣਕ ਦੀ ਸਰਕਾਰੀ ਖਰੀਦ ਪ੍ਰਕਿਰਿਆ ਤੋਂ ਪਹਿਲਾਂ ਅਹਿਤਿਆਤ ਵਜੋਂ ਅੱਜ ਨਵੀਂ ਅਨਾਜ ਮੰਡੀ ਵਿਖੇ ਆਯੋਜਿਤ ਕੋਵਿਡ ਵੈਕਸੀਨੇਸ਼ਨ ਕੈਂਪ ਨੂੰ ਵੱਖ-ਵੱਖ ਵਰਗਾਂ ਦੀ ਤਰਫੋਂ ਜਬਰਦਸਤ ਹੁੰਗਾਰਾ ਮਿਲਿਆ ਅਤੇ 150 ਤੋਂ ਵੱਧ ਨਾਗਰਿਕਾਂ ਨੇ ਵੈਕਸੀਨੇਸ਼ਨ ਕਰਵਾਈ। ਕੋਵਿਡ ਦੇ ਪਾਸਾਰ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਕੜੀ ਤਹਿਤ ਲਗਾਇਆ ਗਿਆ ਕੋਵਿਡ ਵੈਕਸੀਨੇਸ਼ਨ ਕੈਂਪ ਕਾਫੀ ਸਾਰਥਕ ਸਿੱਧ ਹੋਇਆ। ਕੈਂਪ ਦੌਰਾਨ ਵੱਡੀ ਗਿਣਤੀ ਜਿਨ੍ਹਾਂ ਵਿੱਚ ਆੜ੍ਹਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਮਜ਼ਦੂਰ, ਕਿਸਾਨ, ਟਰਾਂਸਪੋਰਟਰ, ਕਾਟਨ ਫੈਕਟਰੀਆਂ ਦੇ ਮਾਲਕ ਤੇ ਉਨ੍ਹਾਂ ਨੁਮਾਇੰਦੇ, ਡੀ.ਐਮ.ਓ ਦਫ਼ਤਰ ਦੇ ਅਮਲੇ ਵੱਲੋਂ ਸਵੈ ਇੱਛਾ ਨਾਲ ਟੀਕਾਕਰਨ ਕਰਵਾਇਆ ਗਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਕੈਂਪ ਦਾ ਜਾਇਜ਼ਾ ਲਿਆ ਅਤੇ ਟੀਕਾਕਰਨ ਕਰਵਾਉਣ ਪੁੱਜੇ ਲੋਕਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ। ਸਿਹਤ ਵਿਭਾਗ ਦੀਆਂ ਟੀਮਾਂ ਨੇ ਕੋਵਿਡ ਤੋਂ ਬਚਾਅ ਲਈ ਅਤੇ ਆਪਣੀ ਇਮਿਊਨਟੀ ਨੂੰ ਮਜ਼ਬੂਤ ਕਰਨ ਲਈ ਟੀਕਾਕਰਨ ਕਰਵਾਉਣ ਦੀ ਅਹਿਮੀਅਤ ਬਾਰੇ ਵੀ ਨਾਗਰਿਕਾਂ ਨੂੰ ਦੱਸਿਆ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਟੀਕਾ ਲਗਾਉਣ ਲਈ ਸ਼ਾਮਲ ਹੋਏ ਮਾਨਸਾ ਸ਼ਹਿਰ ਦੇ ਵਸਨੀਕ 84 ਵਰ੍ਹਿਆਂ ਦੇ ਸ਼੍ਰੀ ਬੰਤ ਰਾਮ ਨੂੰ ਦੇਖ ਕੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸਮੇਤ ਹੋਰ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ ਅਤੇ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼੍ਰੀ ਬੰਤ ਰਾਮ ਕੋਵਿਡ ਵੈਕਸੀਨੇਸ਼ਨ ਦੀ ਇਸ ਮੁਹਿੰਮ ਦਾ ਅਹਿਮ ਹਿੱਸਾ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸਨਮਾਨਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਜੰਗ ਨੂੰ ਫ਼ਤਿਹ ਕਰਨ ਲਈ ਆਪਣੇ ਆਪ ਦੇ ਨਾਲ ਨਾਲ ਆਪਣੇ ਪਰਿਵਾਰਾਂ ਤੇ ਆਲੇ-ਦੁਆਲੇ ਵਸਦੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਜਿਥੇ ਸਿਹਤ ਸਾਵਧਾਨੀਆਂ ਦੀ ਪਾਲਣਾ ਸਮੇਂ ਦੀ ਅਹਿਮ ਲੋੜ ਹੈ ਉਥੇ ਹੀ 45 ਸਾਲ ਤੋਂ ਵੱਧ ਉਮਰ ਦੇ ਸਾਰੇ ਹੀ ਨਾਗਰਿਕਾਂ ਨੂੰ ਤਰਜੀਹ ਦੇ ਆਧਾਰ ‘ਤੇ ਟੀਕਾਕਰਨ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਹੋਰਨਾਂ ਮੁੱਖ ਮੰਡੀਆਂ ਵਿਖੇ ਵੀ ਅਜਿਹਾ ਟੀਕਾਕਰਨ ਕੈਂਪ ਲਗਾਇਆ ਜਾਵੇਗਾ ਤਾਂ ਜੋ ਸਮੁੱਚੇ ਖਰੀਦ ਸੀਜ਼ਨ ਦੌਰਾਨ ਕੋਵਿਡ ਦੇ ਪਾਸਾਰ ਨੂੰਮੁਕੰਮਲ ਤੌਰ ‘ਤੇ ਠੱਲ੍ਹ ਪਾਈ ਜਾ ਸਕੇ।
ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ ਦੀ ਅਗਵਾਈ ਹੇਠ ਲੱਗੇ ਕੈਂਪ ਦੌਰਾਨ ਟੀਕਾਕਰਨ ਕਰਵਾਉਣ ਉਪਰੰਤ ਵੱਖ ਵੱਖ ਜਣਿਆਂ ਨੇ ਜਿਥੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਵਿਡ ਵੈਕਸੀਨੇਸ਼ਨ ਲਗਵਾਉਣ ਦੀ ਸੁਵਿਧਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਉਥੇ ਹੀ ਸਾਰੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਕੋਵਿਡ ਵੈਕਸੀਨੇਸ਼ਨ ਅਤੇ ਸਮੇਂ ਸਮੇਂ ਸਿਰ ਟੈਸਟਿੰਗ ਕਰਵਾਉਣ ਦੀ ਪ੍ਰਕਿਰਿਆ ਜ਼ਰੂਰ ਅਮਲ ਵਿੱਚ ਲਿਆਂਦੀ ਜਾਵੇ।