ਬੁਢਲਾਡਾ 30 ਮਾਰਚ (ਸਾਰਾ ਯਹਾਂ /ਅਮਨ ਮਹਿਤਾ )-ਸੂਬੇ ਦੇ ਸਕੂਲੀ ਵਿਦਿਆਰਥੀਆਂ ਦੀਆਂ ਕੋਰੋਨਾ ਪਾਬੰਦੀਆਂ ‘ਚ ਘਿਰੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਅਤੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਬਾਰੇ ਪਾਏ ਜਾ ਰਹੇ ਤੌਖਲਿਆਂ ਨੂੰ ਦੂਰ ਕਰਦਿਆਂ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ ਆਮ ਦੀ ਤਰ੍ਹਾਂ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਮੰਗ ਅਤੇ ਸੁਝਾਵਾਂ ਅਨੁਸਾਰ ਲਏ ਫ਼ੈਸਲੇ ਅਨੁਸਾਰ ਗ਼ੈਰ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਤਿਆਰ ਕੀਤਾ ਜਾਵੇਗਾ। ਸਕੂਲ ਮੁਖੀਆਂ ਵੱਲੋਂ ਤਿਆਰ ਕੀਤੇ ਨਤੀਜੇ ਦੀ ਘੋਸ਼ਣਾ ਆਪਣੀ ਸਹੂਲਤ ਅਨੁਸਾਰ ਤੀਹ ਜਾਂ ਇਕੱਤੀ ਮਾਰਚ ਨੂੰ ਕੀਤੀ ਜਾ ਸਕੇਗੀ।ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਨਵੇਂ ਸੈਸ਼ਨ ਦੀ ਪੜ੍ਹਾਈ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਵਿਭਾਗੀ ਸੂਤਰਾਂ ਅਨੁਸਾਰ ਸਰਕਾਰੀ ਸਕੂਲਾਂ ਦੀਆਂ ਗ਼ੈਰ ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਸੰਪੂਰਨ ਕਰਵਾਉਣ ਲਈ ਕੋਰੋਨਾ ਪਾਬੰਦੀਆਂ ਦੇ ਖਾਤਮੇ ਤੱਕ ਦੀ ਉਡੀਕ ਕਰਨ ਦੀ ਬਜਾਏ ਹੋ ਚੁੱਕੀਆਂ ਸਾਲਾਨਾ ਪ੍ਰੀਖਿਆਵਾਂ, ਸਾਲਾਨਾ ਪ੍ਰੀਖਿਆਵਾਂ ਨਾ ਹੋਣ ਵਾਲੇ ਵਿਸ਼ਿਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਅਤੇ ਪੰਜਾਬ ਅਚੀਵਮੈਂਟ ਸਰਵੇ ਦੀਆਂ ਪ੍ਰੀਖਿਆਵਾਂ ਨੂੰ ਆਧਾਰ ਮੰਨ੍ਹ ਕੇ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਵੇਗੀ।ਵਿਭਾਗੀ ਹਦਾਇਤਾਂ ਅਨੁਸਾਰ ਪ੍ਰਯੋਗੀ ਅਤੇ ਸੀ.ਸੀ.ਈ. ਅੰਕ ਵੀ ਨਤੀਜੇ ਵਿੱਚ ਸ਼ੁਮਾਰ ਕੀਤੇ ਜਾਣਗੇ। ਸੰਜੀਵ ਕੁਮਾਰ ਬਾਂਸਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ, ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮਾਨਸਾ ਅਤੇ ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ, ਗੁਰਲਾਭ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਨੂੰ ਵਿਭਾਗੀ ਹਦਾਇਤਾਂ ਅਨੁਸਾਰ ਗ਼ੈਰ ਬੋਰਡ ਜਮਾਤਾਂ ਦਾ ਸਾਲਾਨਾ ਨਤੀਜਾ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ।ਸਕੂਲ ਮੁੱਖੀ ਆਪਣੀ ਸੁਵਿਧਾ ਅਨੁਸਾਰ ਤੀਹ ਜਾਂ ਇਕੱਤੀ ਮਾਰਚ ਨੂੰ ਸਾਲਾਨਾ ਨਤੀਜੇ ਦਾ ਐਲਾਨ ਕਰ ਸਕਣਗੇ।ਸਾਲਾਨਾ ਨਤੀਜਿਆਂ ਦੇ ਐਲਾਨ ਨਾਲ਼ ਹੀ ਸਮੂਹ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਪਾਠ ਪੁਸਤਕਾਂ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।ਪਾਠ -ਪੁਸਤਕਾਂ ਸੰਬੰਧੀ ਸਮੂਹ ਸਕੂਲਾਂ ਵੱਲੋਂ ਬੁੱਕ ਬੈਂਕ ਵੀ ਸਥਾਪਿਤ ਕੀਤੇ ਗਏ ਹਨ।ਜੇਕਰ ਕਿਸੇ ਪੁਸਤਕ ਦੀ ਆਮਦ ਲੇਟ ਹੁੰਦੀ ਹੈ ਤਾਂ ਵਿਦਿਆਰਥੀਆਂ ਨੂੰ ਬੁੱਕ ਬੈਂਕ ਵਿੱਚੋਂਂ ਪੁਸਤਕਾਂ ਦੇਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੁਕੇਸ਼ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ )ਬੁਢਲਾਡਾ , ਹਰਿੰਦਰ ਸਿੰਘ ਭੁੱਲਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕੇ ,ਅੰਗਰੇਜ਼ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਿਉਂਦ ਕਲਾਂ ,ਕਾਕਾ ਅਮਰਿੰਦਰ ਸਿੰਘ ਦਾਤੇਵਾਸ ਇੰਚਾਰਜ ਸਰਕਾਰੀ ਮਿਡਲ ਸਮਾਰਟ ਸਕੂਲ ਕਾਸਿਮਪੁਰ ਛੀਨਾ, ਸੰਦੀਪ ਕੁਮਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਦੜਾ ਨੇ ਸਿੱਖਿਆ ਵਿਭਾਗ ਵੱਲੋਂ ਗ਼ੈਰ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ ਹੋ ਚੁੱਕੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਰਹਿ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਪ੍ਰੀ-ਬੋਰਡ ਅਤੇ ਪੰਜਾਬ ਅਚੀਵਮੈਂਟ ਸਰਵੇ ਦੇ ਆਧਾਰ ‘ਤੇ ਐਲਾਨ ਕੇ ਸਮੇਂ ਸਿਰ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਭਾਗ ਦਾ ਇਹ ਫ਼ੈਸਲਾ ਵਿਦਿਆਰਥੀਆਂ ਨੂੰ ਨਵੀਆਂ ਜਮਾਤਾਂ ਦੀ ਪੜ੍ਹਾਈ ਲਈ ਮਾਨਸਿਕ ਰੂਪ ਵਿੱਚ ਤਿਆਰ ਕਰੇਗਾ।ਵਿਭਾਗ ਦੇ ਇਸ ਫ਼ੈਸਲੇ ਦਾ ਮਾਪਿਆਂ ਵੱਲੋਂ ਵੀ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ।ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਦੜਾ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਜਿੰਦਰ ਸਿੰਘ ਨੇ ਵਿਭਾਗ ਦੇ ਇਸ ਫ਼ੈਸਲੇ ਨਾਲ਼ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਉਸ ਦੀ ਬੇਟੀ ਚਰਨਦੀਪ ਕੌਰ ਚੌਥੀ ਜਮਾਤ ਵਿੱਚ ਪੜਦੀ ਹੈ ਅਤੇ ਹੁਣ ਸਰਕਾਰੀ ਫ਼ੈਸਲੇ ਅਨੁਸਾਰ ਉਹ ਪਹਿਲੀ ਅਪ੍ਰੈਲ ਤੋਂ ਪੰਜਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਕਰ ਸਕੇਗਾ।