ਸਰਦੂਲਗੜ੍ਹ 28 ,ਮਾਰਚ (ਸਾਰਾ ਯਹਾਂ /ਬਲਜੀਤ ਪਾਲ): ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਨੂੰ ਹੋਰ ਬਲ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗਡ਼੍ਹ ਵਲੋਂ ਬਲਾਕ ਦੇ 42 ਪਿੰਡਾਂ ਦੀ ਵਿਸ਼ਾਲ ਰੋਸ ਰੈਲੀ ਅਨਾਜ ਮੰਡੀ ਸਰਦੂਲਗੜ੍ਹ ਵਿਖੇ ਕੀਤੀ ਗਈ। ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਾਰਟੀ ਵਰਕਰ ਕਿਸਾਨਾਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਰੋਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਉਗਰਾਹਾਂ ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਐੱਮ ਐੱਸ ਪੀ ਅਤੇ ਏ ਪੀ ਐੱਮ ਸੀ ਖ਼ਤਮ ਨਹੀਂ ਹੋਵੇਗੀ ਪਰ ਦੂਜੇ ਪਾਸੇ ਇੱਕੋ ਹੱਲੇ ਪੱਚੀ ਹਜ਼ਾਰ ਮੰਡੀਆਂ ਖ਼ਤਮ ਕਰਕੇ ਰੇਹਾਂ-ਸਪਰੇਹਾਂ, ਡੀਜ਼ਲ ਅਤੇ ਹੋਰ ਖੇਤੀ ਲਾਗਤਾਂ ਦੀਆਂ ਕੀਮਤਾਂ ਚ ਵਾਧਾ ਕਰਕੇ ਨੰਗੇ ਚਿੱਟੇ ਰੂਪ ਚ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਭੁਗਤ ਰਹੀ ਹੈ ਪਰ ਦੇਸ਼ ਦੇ ਸਾਰੇ ਵਰਗ ਇਸ ਅੰਦੋਲਨ ਜ਼ਰੀਏ ਤਾਨਾਸ਼ਾਹੀ ਹਕੂਮਤ ਨੂੰ ਮੂੰਹ ਤੋਡ਼ਵਾਂ ਜਵਾਬ ਦੇਣਗੇ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਹੀ ਦਮ ਲੈਣਗੇ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਹ ਕਾਨੂੰਨ ਸਿਰਫ਼ ਕਿਸਾਨਾਂ ਦੇ ਹੀ ਵਿਰੁਧ ਨਹੀਂ ਸਗੋਂ ਦੇਸ਼ ਦੇ ਹਰ ਇੱਕ ਮਿਹਨਤਕਸ਼ ਲਈ ਮੌਤ ਦੇ ਵਾਰੰਟ ਹਨ। ਇਸ ਲਈ ਜਦੋਂ ਮੌਤ ਦੀ ਕਗਾਰ ਤੇ ਖੜ੍ਹੇ ਹੋਈਏ ਉਦੋਂ ਜ਼ਿੰਦਗੀ ਦੀ ਸਲਾਮਤੀ ਲਈ ਚੇਤਨ ਲੋਕ ਖ਼ੁਦ ਹੀ ਨਹੀਂ ਸਗੋਂ ਸਮੁੱਚੇ ਸਮਾਜ ਨੂੰ ਖੂਨ ਪੀਣੀਆਂ ਤਾਕਤਾਂ ਖ਼ਿਲਾਫ਼ ਮੈਦਾਨ ਚ ਉਤਰਨ ਲਈ ਪ੍ਰੇਰਿਤ ਕਰਦੇ ਹਨ। ਇਸ ਲਈ ਸਾਨੂੰ ਆਪਣੀ ਹੋਂਦ ਦੀ ਸਲਾਮਤੀ ਲਈ ਪਰਿਵਾਰਾਂ ਸਮੇਤ ਦਿੱਲੀ ਮੋਰਚੇ ਚ ਪਹੁੰਚਣਾ ਚਾਹੀਦਾ ਹੈ। ਇਸ ਰੈਲੀ ਚ ਜੁੜੇ ਇਕੱਠ ਨੂੰ ਜਗਦੇਵ ਸਿੰਘ ਭੈਣੀਬਾਘਾ ਬਲਾਕ ਪ੍ਰਧਾਨ ਮਾਨਸਾ ਜੋਗਾ ਸਿੰਘ ਸਤਾਣਾ ਰਾਣੀ ਕੌਰ ਭੰਮੇ ਕਲਾਂ ਗੁਰਸੇਵਕ ਸਿੰਘ ਫੱਤਾ ਮਾਲੋਕਾ ਆਦਿ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਰਮਨਦੀਪ ਸਿੰਘ ਕੁਸਲਾ, ਬਿੰਦਰ ਸਿੰਘ ਝੰਡਾ ਕਲਾਂ ਜਗਤਾਰ ਸਿੰਘ, ਬਲਜੀਤਪਾਲ ਸਿੰਘ, ਚਰਨਜੀਤ ਸਿੱਧੂ ਸਮੂਹ ਕਿਸਾਨ ਅਤੇ ਆਮ ਲੋਕ ਆਦਿ ਹਾਜ਼ਰ ਸਨ।