ਕੋਰੋਨਾ ਦੀ ਆੜ ‘ਚ ਸਰਕਾਰ ਖੋਹ ਰਹੀ ਰੁਜ਼ਗਾਰ! ਸਕੂਲ ਬੰਦ ਹੋਣ ਤੋਂ ਦੁਖੀ ਬਸ ਡਰਾਈਵਰਾਂ ਨੇ ਕੀਤਾ ਪ੍ਰਦਰਸ਼ਨ

0
34

ਬਰਨਾਲਾ24 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸਦੇ ਚੱਲਦੇ ਪੰਜਾਬ ਸਰਕਾਰ ਵਲੋਂ ਮੁੜ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਵਲੋਂ ਸਕੂਲਾਂ ਨੂੰ ਬੰਦ ਕੀਤੇ ਫ਼ੈਸਲੇ ਦਾ ਪੰਜਾਬ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਤਹਿਤ ਅੱਜ ਬਰਨਾਲਾ ਵਿਖੇ ਨਿੱਜੀ ਸਕੂਲ ਬਸ ਟਰਾਂਸਪੋਰਟਰਾਂ ਅਤੇ ਸਕੂਲ ਬੱਸ ਡਰਾਇਵਰਾਂ ਵਲੋਂ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵਲੋਂ ਸਰਕਾਰ ’ਤੇ ਕੋਰੋਨਾ ਦੀ ਆੜ ਵਿੱਚ ਉਨ੍ਹਾਂ ਦਾ ਕੰਮ-ਕਾਜ ਬੰਦ ਕਰ ਭੁੱਖਮਰੀ ਵੱਲ ਧੱਕਣ ਦਾ ਦੋਸ਼ ਲਗਾਇਆ ਗਿਆ।



ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਬੱਸ ਟ੍ਰਾਂਸਪੋਰਟਰਾਂ ਅਤੇ ਬੱਸ ਡਰਾਈਵਰਾਂ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਦਾ ਘਿਰਾਉ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਕੂਲ ਬਸ ਟਰਾਂਸਪੋਰਟ ਅਤੇ ਬਸ ਡਰਾਇਵਰਾਂ ਨੇ ਆਪਣਾ ਰੋਸ਼ ਜਤਾਉਂਦੇ ਦੱਸਿਆ ਕਿ ਪਿਛਲਾ 1 ਸਾਲ ਕੋਰੋਨਾ ਕਰਕੇ ਸਕੂਲ ਬੰਦ ਰਹੇ। ਜਿਸ ਕਰਕੇ ਉਨ੍ਹਾਂ ਦਾ ਕਾਰੋਬਾਰ ਠੱਪ ਰਿਹਾ। ਹੁਣ ਮੁੜ 1 ਮਹੀਨੇ ਤੋਂ ਸਕੂਲ ਖੁੱਲੇ ਤਾਂ ਸਰਕਾਰ ਨੇ ਫਿਰ ਸਕੂਲ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਕਰਕੇ ਉਨ੍ਹਾਂ ਦਾ ਰੁੁਜ਼ਗਾਰ ਠੱਪ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਬੱਸਾਂ ਦੇ ਬੀਮਾ ਟੈਕਸ ਅਤੇ ਬੈਂਕਾਂ ਦੀਆਂ ਲੋਨ ਕਿਸ਼ਤਾਂ ਭਰਨ ਲਈ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸ਼ਤਾਂ ਨਾ ਭਰੀਆਂ ਜਾਣ ਕਾਰਨ ਬੈਂਕਾਂ ਵਾਲੇ ਬੱਸਾਂ ਨੂੰ ਜ਼ਬਤ ਕਰ ਰਹੇ ਹਨ, ਜਦਕਿ ਬੀਮੇ ਨਾ ਹੋਣ ਕਾਰਨ ਜ਼ੁਰਮਾਨੇ ਭਰਨੇ ਪੈ ਰਹੇ ਹਨ। ਸਰਕਾਰ ਵਲੋਂ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਕੋਈ ਮੱਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਦੀਆਂ ਰੈਲੀਆਂ ਹੋ ਸਕਦੀਆਂ ਹਨ ਅਤੇ ਸਰਕਾਰੀ ਦਫ਼ਤਰਾਂ ਖੋਲ ਕੰਮ ਹੋ ਸਕਦਾ ਹੈ ਤਾਂ ਸਕੂਲ ਕਿਉਂ ਨਹੀਂ ਖੋਲੇ ਜਾ ਰਹੇ? 

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਅਤੇ ਸਕੂਲ ਨਾਲ ਖੋਲੇ ਗਏ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਬੱਸ ਟ੍ਰਾਂਸਪੋਰਟਰਾਂ ਅਤੇ ਬੱਸ ਡਰਾਈਵਰਾਂ ਦਾ ਇਕੱਠ ਕਰਕੇ ਸਿੱਖਿਆ ਮੰਤਰੀ  ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਦਾ ਘਿਰਾਉ ਕਰਨਗੇ। ਇਸ ਮੌਕੇ ਉੱਤੇ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨ ਲਈ ਬਰਨਾਲਾ ਦੇ ਤਹਿਸੀਲਦਾਰ ਰਵਿੰਦਰਪਾਲ ਸਿੰਘ ਪੁੱਜੇ। ਜਿਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਬੱਸ ਡਰਾਈਵਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਨੂੰ ਉਪਰ ਉਚ ਅਧਿਕਾਰੀਆ ਤੱਕ ਭੇਜਿਆ ਜਾਵੇਗਾ।

LEAVE A REPLY

Please enter your comment!
Please enter your name here