ਬੁਢਲਾਡਾ 24 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ )-ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਹਰ ਪੱਖੋਂ ਬਦਲੀ ਨੁਹਾਰ ਦਾ ਲਾਹਾ ਹਰ ਬੱਚੇ ਅਤੇ ਮਾਪੇ ਤੱਕ ਪਹੁੰਚਾਉਣ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਸੰਜੀਵ ਕੁਮਾਰ ਬਾਂਸਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਦਾਖ਼ਲਾ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਅੱਠਵੀਂ ਜਮਾਤ ਤੱਕ ਬਿਲਕੁੱਲ ਮੁਫ਼ਤ ਅਤੇ ਨੌਵੀਂ ਤੋਂ ਗਿਆਰ੍ਹਵੀਂ ਜਮਾਤਾਂ ਲਈ ਨਾ-ਮਾਤਰ ਫੀਸ ਖਰਚੇ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਉਪਲਬਧ ਕਰਵਾਉਣ ਦੇ ਸਮਰੱਥ ਬਣੇ ਸਰਕਾਰੀ ਸਕੂਲਾਂ ਬਾਰੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਫਲੈਕਸਾਂ ਅਤੇ ਪੈਂਫਲਿਟਾਂ ਸਮੇਤ ਤਮਾਮ ਹੋਰਨਾਂ ਤਰੀਕਿਆਂ ਦਾ ਇਸਤੇਮਾਲ ਕਰਨ ਦੇ ਨਾਲ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਸਿਆਣੇ ਬੰਦਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਕੋਲ ਸਕੂਲੀ ਸਿੱਖਿਆ ਦੇ ਨਾਲ ਨਾਲ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਦਾ ਵੀ ਬਿਹਤਰੀਨ ਢਾਂਚਾ ਉਪਲਬਧ ਹੈ।ਕੋਰੋਨਾ ਪਾਬੰਦੀਆਂ ਦੌਰਾਨ ਸਕੂਲਾਂ ਦੀ ਤਾਲਾਬੰਦੀ ਸਮੇਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਦੇ ਤਮਾਮ ਸਾਧਨਾਂ ਰਾਹੀਂ ਮੁਹੱਈਆ ਕਰਵਾਈ ਆਨਲਾਈਨ ਸਿੱਖਿਆ ਸਰਕਾਰੀ ਸਕੂਲਾਂ ਦਾ ਆਪਣੇ ਆਪ ਵਿੱਚ ਵੱਡਾ ਹਾਸਿਲ ਰਿਹਾ ਹੈ।ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਰਕਾਰੀ ਫ਼ੈਸਲੇ ਅਨੁਸਾਰ ਇਹਨੀਂ ਦਿਨੀਂ ਵਿਦਿਆਰਥੀਆਂ ਲਈ ਸਕੂਲ ਬੰਦ ਹੋਣ ਦੇ ਸਮੇਂ ਦੌਰਾਨ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਜ਼ੂਮ ਜਮਾਤਾਂ ਲਗਾ ਕੇ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ।ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਫ਼ੋਨ ਕਰਕੇ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬੁਢਲਾਡਾ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਹੋਰਨਾਂ ਜਮਾਤਾਂ ਦੀ ਪੜ੍ਹਾਈ ਦੇ ਨਾਲ ਨਾਲ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਸਾਇੰਸ ਵਿਸ਼ਿਆਂ ਦੀ ਪੜ੍ਹਾਈ ਵੀ ਉਪਲਬਧ ਹੈ।ਉਹਨਾਂ ਕਿਹਾ ਕਿ ਲੈਕਚਰਾਰਾਂ ਅਤੇ ਅਧਿਆਪਕਾਂ ਵੱਲੋਂ ਖੁਦ ਨਜ਼ਦੀਕੀ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਸਕੂਲ ਦੀ ਬਿਹਤਰ ਪੜ੍ਹਾਈ ਬਾਰੇ ਮਾਪਿਆਂ ਅਤੇ ਮੋਹਤਬਰ ਸ਼ਖ਼ਸੀਅਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਸਰਕਾਰੀ ਹਾਈ ਸਕੂਲ , ਗੁਰਨੇ ਕਲਾਂ ਦੇ ਮੁੱਖ ਅਧਿਆਪਕ ਨੇ ਦੱਸਿਆ ਕਿ ਸਕੂਲ ਦੀ ਬਦਲੀ ਨੁਹਾਰ ਦਾ ਸੁਨੇਹਾ ਮਾਪਿਆਂ ਤੱਕ ਪਹੁੰਚਾਉਣ ਲਈ ਅਧਿਆਪਕ ਪਿੰਡ ਦੀਆਂ ਸੱਥਾਂ ਵਿੱਚ ਨੁੱੱਕੜ ਨਾਟਕ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕੀ ਇਸ ਦੌਰਾਨ ਪਿੰਡ ਵਾਸੀਆਂ ਸਾਹਮਣੇ ਸਕੂਲ ਦੀ ਪ੍ਰਗਤੀ ਰਿਪੋਰਟ ਵੀ ਪੜ੍ਹੀ ਗਈ। ਸਰਕਾਰੀ ਹਾਈ ਸਕੂਲ ਦੋਦੜਾ ਮੁੱਖ ਅਧਿਆਪਕ ਗੁਰਦਾਸ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵੱਲੋਂ ਵੀ ਪਿੰਡਾਂ ਦੀਆਂ ਸੱਥਾਂ ਲਈ ਜਾਗਰੂਕਤਾ ਨੁੱਕੜ ਨਾਟਕ ਤਿਆਰ ਕੀਤਾ ਗਿਆ ਹੈ ਦਾਖ਼ਲਾ ਵਧਾਉਣ ਹਿੱਤ ਸਮੂਹ ਸਟਾਫ਼ ਉਪਰਾਲੇ ਕਰ ਰਿਹਾ ਹੈ।