ਚੰਡੀਗੜ੍ਹ 14,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਕੋਰੋਨਾ ਵਾਇਰਸ ਦੀ ਦੂਜੀ ਲਹਿਰ ਮਗਰੋਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਪਸ਼ਟ ਕਰ ਦਿੱਤੀ ਹੈ। ਵਿਭਾਗ ਵੱਲੋਂ ਨਾਨ-ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ 15 ਮਾਰਚ ਤੋਂ ਲਈਆਂ ਜਾ ਰਹੀਆਂ ਹਨ। ਇਹ ਪ੍ਰੀਖਿਆਵਾਂ ਸਵੇਰ ਤੇ ਸ਼ਾਮ ਦੇ ਸ਼ੈਸਨ ਦੌਰਾਨ ਸ਼ਿਫਟਾਂ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਕਰੋਨਾ ਮਹਾਮਾਰੀ ਦੇ ਵਧਦੇ ਖਤਰੇ ਦੌਰਾਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਘਰਾਂ ਵਿੱਚ ਹੀ ਰਹਿ ਕੇ ਪੇਪਰਾਂ ਦੀ ਤਿਆਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਪਹਿਲੀ ਤੋਂ ਚੌਥੀ, ਛੇਵੀਂ, 7ਵੀ, 9ਵੀਂ ਤੇ 11ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ ਇਕੱਤਰਤਾ ਘੱਟ ਕਰਨ ਲਈ ਪ੍ਰੀਖਿਆਵਾਂ ਸ਼ਿਫਟਾਂ ਵਿੱਚ ਲੈਣ ਲਈ ਵਿਭਾਗ ਵੱਲੋਂ ਮੁੜ ਤੋਂ ਸੋਧੀ ਹੋਈ ਡੇਟਸ਼ੀਟ ਜਾਰੀ ਕੀਤੀ ਗਈ ਹੈ।
ਸੋਧੀ ਡੇਟਸ਼ੀਟ ਅਨੁਸਾਰ ਸਵੇਰ ਦਾ ਸੈਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਤੇ 20 ਮਿੰਟ ਦੀ ਬਰੇਕ ਉਪਰੰਤ ਬਾਅਦ ਦੁਪਹਿਰ 12.20 ਤੋਂ 3.20 ਤੱਕ ਸ਼ਾਮ ਦਾ ਸ਼ੈਸਨ ਹੋਵੇਗਾ। ਸੈਕੰਡਰੀ ਸਕੂਲਾਂ ਦੇ ਛੇਵੀਂ ਤੇ ਗਿਆਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ ਜਦਕਿ 7ਵੀਂ ਤੇ ਨੌਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ।
ਪ੍ਰਾਇਮਰੀ ਸਕੂਲਾਂ ਦੇ ਤੀਜੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ ਜਦਕਿ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ। ਇਸ ਦੌਰਾਨ ਕਰੋਨਾ ਪਾਜ਼ੇਟਿਵ ਦੀ ਵਜ੍ਹਾ ਨਾਲ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਅਦ ਵਿੱਚ ਨਵਾਂ ਪ੍ਰਸ਼ਨ ਪੱਤਰ ਜਾਰੀ ਕਰਕੇ ਲਈ ਜਾਵੇਗੀ।
ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਮਾਸਕ ਲਾਜ਼ਮੀ ਹੋਵੇਗਾ। ਵਿਦਿਆਰਥੀਆਂ ਨੂੰ ਪਾਣੀ ਦੀ ਬੋਤਲ ਸਮੇਤ ਹੋਰ ਸਟੇਸ਼ਨਰੀ ਸਾਮਾਨ ਆਪਣਾ ਲਿਆਉਣ ਲਈ ਕਿਹਾ ਜਾਵੇਗਾ। ਕਮਰਿਆਂ ਅੰਦਰ ਲੱਗੇ ਡੈਸਕਾਂ ਉੱਪਰ ਸਿਰਫ਼ ਇੱਕ ਵਿਦਿਆਰਥੀ ਬਿਠਾਇਆ ਜਾਵੇਗਾ ਜੇ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਡੈਸਕ ਘਟਦੇ ਹਨ ਤਾਂ ਵਿਦਿਆਰਥੀਆਂ ਨੂੰ ਨਿਰਧਾਰਤ ਦੂਰੀ ‘ਤੇ ਟਾਟ ਉੱਪਰ ਬਰਾਂਡਿਆਂ ਜਾ ਖੁੱਲ੍ਹੇ ਵਿੱਚ ਬਿਠਾਇਆ ਜਾ ਸਕੇਗਾ।