ਸ਼੍ਰੀ ਮੁਕਤਸਰ ਸਾਹਿਬ 13,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਇੱਥੇ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ ਚਾਰ ਦਿਨ ਤੋਂ ਫ਼ਰੀਦਕੋਟ ਦੇ ਹਸਪਤਾਲ ‘ਚ ਦਾਖਲ ਸੀ। ਜਿੱਥੇ ਉਨ੍ਹਾਂ ਨੂੰ ਸਾਹ ਲੈਣ ਦੀ ਤਕਲੀਫ ਦੇ ਚਲਦਿਆਂ ਵੈਂਟਿਲੇਟਰ ‘ਤੇ ਰੱਖਿਆ ਗਿਆ ਸੀ ਜਿੱਥੇ ਉਨ੍ਹਾਂ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ। ਇਸ ਖ਼ਬਰ ਦੇ ਨਾਲ ਇਲਾਕੇ ‘ਚ ਮੋਗ ਦੀ ਲਹਿਰ ਹੈ।
ਦੱਸ ਦਈਏ ਕਿ ਸੁਖਦਰਸ਼ਨ ਸਿੰਘ ਪੰਜਾਬ ਸਿਆਸਤ ‘ਚ ਉਸ ਸਮੇਂ ਜਾਣੇ ਜਾਣ ਲੱਗੇ ਜਦੋਂ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਕੇ ਮੁੱਖ ਮੰਤਰੀ ਹਰਚਰਣ ਸਿੰਘ ਬਰਾੜ ਨੂੰ ਮਾਤ ਦਿੱਤੀ ਸੀ। ਸੁਖਦਰਸ਼ਨ ਸਿੰਘ ਪਹਿਲੀ ਵਾਰ 2002 ‘ਚ ਮੁਕਤਰ ਤੋਂ ਵਿਧਾਇਕ ਚੁਣੇ ਗਏ। 2002 ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ‘ਚ ਕਾਂਗਰਸ ਦਾ ਪੱਲਾ ਫੜਿਆ। ਜਿਸ ਤੋਂ ਬਾਅਦ 2007 ‘ਚ ਉਹ ਅਕਾਲੀ ਦਲ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸ਼੍ਰਿਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ।
ਇਸ ਤੋਂ ਬਾਅਦ ਉਨ੍ਹਾਂ ਨੇ 2011 ‘ਚ ਐਸਜੀਪੀਸੀ ਦੀਆਂ ਚੋਣਾਂ ਲਈ ਮੁਕਤਸਰ ਤੋਂ ਚੋਣਾਂ ਲੜੇ ‘ਤੇ ਉਹ ਕਮੇਟੀ ਦੇ ਮੈਂਬਰ ਚੁਣੇ ਗਏ। 2012 ‘ਚ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਤਾਂ ਨਹੀਂ ਲੜੀਆਂ ਪਰ ਉਨ੍ਹਾਂ ਨੇ ਅਕਾਲੀ ਦਲ ਦਾ ਪੂਰੀ ਸਾਥ ਦਿੱਤਾ।