11,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਤੇ ਹੁਣ ਅੱਗੇ ਦੀ ਰਣਨੀਤੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਪੀਲ ਕਰ ਦਿੱਤੀ ਗਈ ਹੈ। ਵਧਦੀ ਗਰਮੀ ਨੂੰ ਦੇਖਦਿਆਂ ਸਿੰਘੂ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ਨੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
ਸਿੰਘੂ ਬਾਰਡਰ ‘ਤੇ ਦੁਆਬਾ ਕਿਸਾਨ ਸੰਗਠਨ ਨਾਲ ਜੁੜੇ ਕਿਸਾਨਾਂ ਨੇ ਇੱਟਾਂ ਨੂੰ ਜੋੜ ਕੇ ਸੜਕ ਤੇ ਹੀ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਮਕਾਨ ਬਣਵਾਉਣ ਲਈ ਇੱਟਾਂ ਤੋਂ ਲੈ ਕੇ ਮਿਸਤਰੀ ਤਕ ਪੰਜਾਬ ਤੋਂ ਬੁਲਾਏ ਗਏ ਹਨ।
ਮਕਾਨ ਬਣਾ ਰਹੇ ਕਿਸਾਨਾਂ ਨੇ ਕਿਹਾ ਕਿ ਦੋ ਮੰਜ਼ਿਲਾ ਮਕਾਨ ਬਣਾਏ ਜਾ ਰਹੇ ਹਨ ਤੇ ਅਜਿਹੇ ਮਕਾਨਾਂ ਦੀ ਸੰਖਿਆ ਹੋਰ ਵੀ ਵਧਣ ਜਾ ਰਹੀ ਹੈ।
ਦਰਅਸਲ ਪਲਾਸਟਿਕ ਦੇ ਟੈਂਟਾਂ ‘ਚ ਠੰਢ ਦਾ ਮੌਸਮ ਕਿਸਾਨਾਂ ਨੇ ਕੱਢ ਲਿਆ ਪਰ ਗਰਮੀ ਨੇ ਮਾਰਚ ਮਹੀਨੇ ਹੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਉਹੀ ਹੈ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਇੱਥੇ ਹੀ ਰਹਿਣਗੇ।
ਬਣਾਏ ਜਾ ਰਹੇ ਮਕਾਨ 60X20 ਦਾ ਹੋਵੇਗਾ ਤੇ ਇਸ ‘ਚ ਤਿੰਨ ਕਮਰੇ ਬਣਾਏ ਜਾਣਗੇ। ਇਨ੍ਹਾਂ ‘ਚ ਸਭ ਦੇ ਰੁਕਣ ਦੀ ਵਿਵਸਥਾ ਹੋਵੇਗੀ। ਮਕਾਨ ‘ਚ ਫਰਿੱਜ, ਏਸੀ, ਪੱਖੇ ਸਭ ਪ੍ਰਬੰਧ ਹੋਣਗੇ।
ਕਿਸਾਨ ਗੁਰਮੀਤ ਸਿੰਘ ਨੇ ਕਿਹਾ ਜਿਸ ਦਿਨ ਉਨ੍ਹਾਂ ਦੀ ਮੰਗ ਪੂਰੀ ਹੋ ਜਾਵੇਗੀ ਉਹ ਆਪਣੇ ਮਕਾਨ ਦੀ ਇੱਕ-ਇੱਕ ਇੱਟ ਇੱਥੋਂ ਲੈ ਕੇ ਚਲੇ ਜਾਣਗੇ।
ਇਨ੍ਹਾਂ ਮਕਾਨਾਂ ‘ਚ ਲਾਈਆਂ ਜਾਣ ਵਾਲੀਆਂ ਇੱਟਾਂ P&H ਯਾਨੀ ਪੰਜਾਬ ਤੇ ਹਰਿਆਣਾ ਦੇ ਨਾਂ ‘ਤੇ ਬਣਾਈਆਂ ਗਈਆਂ ਹਨ।
ਕਿਸਾਨਾਂ ਦਾ ਸਪਸ਼ਟ ਸੁਨੇਹਾ ਹੈ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਹ ਵਾਪਸ ਨਹੀਂ ਜਾਣਗੇ। ਇਸ ਲਈ ਗਰਮੀ ‘ਚ ਰਹਿਣ ਦਾ ਬੰਦੋਬਸਤ ਕਰ ਰਹੇ ਹਨ।
ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਗਰਮੀ ਦੇ ਵੀ ਅਗੇਤੀ ਦਸਤਕ ਦਿੱਤੀ ਹੈ।