ਸਰਕਾਰ ਦਾ ਮੌੜ ਮੰਡੀ ਬੰਬ ਧਮਾਕੇ ਦੇ ਚਾਰ ਮ੍ਰਿਤਕ ਨਾਬਾਲਗਾਂ ਦੇ ਅਗਲੇ ਵਾਰਸਾਂ ਨੂੰ ਨੌਕਰੀਆਂ ਦੇਣ ਦਾ ਐਲਾਨ

0
43

ਚੰਡੀਗੜ੍ਹ, 19 ਫਰਵਰੀ  (ਸਾਰਾ ਯਹਾ /ਮੁੱਖ ਸੰਪਾਦਕ): ਪੰਜਾਬ ਸਰਕਾਰ ਨੇ 31 ਜਨਵਰੀ, 2017 ਨੂੰ ਵਾਪਰੇ ਮੌੜ ਮੰਡੀ ਬੰਬ ਧਮਾਕੇ ਵਿੱਚ ਮਾਰੇ ਗਏ ਚਾਰ ਨਾਬਾਲਗਾਂ ਦੇ ਪਰਿਵਾਰ ਮੈਂਬਰਾਂ/ਵਾਰਸਾਂ ਵਿੱਚੋਂ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਨਿਯਮਾਂ ਵਿੱਚ ਵਿਸ਼ੇਸ਼ ਉਪਬੰਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਹੈ।
ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਮ੍ਰਿਤਕ ਜਪਸਿਮਰਨ ਸਿੰਘ (15) ਪੁੱਤਰ ਖੁਸ਼ਦੀਪ ਸਿੰਘ, ਸੌਰਵ ਸਿੰਗਲਾ (14) ਪੁੱਤਰ ਰਕੇਸ਼ ਕੁਮਾਰ, ਅੰਕੁਸ਼ (11) ਪੁੱਤਰ ਗਿਆਨ ਚੰਦ ਅਤੇ ਰਿਪਨਦੀਪ ਸਿੰਘ (9) ਪੁੱਤਰ ਕਾਲਾ ਸਿੰਘ ਦੇ ਪਰਿਵਾਰਾਂ ਵਿੱਚੋਂ ਇਕ-ਇਕ ਮੈਂਬਰ ਨੂੰ ਵਿਦਿਅਕ ਯੋਗਤਾ ਮੁਤਾਬਕ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਲਈ ਵਿਸ਼ੇਸ਼ ਉਪਬੰਧ ਕੀਤਾ ਜਾਵੇ।
ਨਾਬਾਲਗ ਮ੍ਰਿਤਕ ਦੇ ਸਬੰਧ ਵਿੱਚ ਮੌਜੂਦਾ ਨਿਯਮ ਤਰਸ ਦੇ ਆਧਾਰ ‘ਤੇ ਸਰਕਾਰੀ ਨੌਕਰੀ ਮੁਹੱਈਆ ਨਹੀਂ ਕਰਵਾਉਂਦੇ। ਮੰਤਰੀ ਮੰਡਲ ਦੇ ਅੱਜ ਦੇ ਫੈਸਲੇ ਨਾਲ ਹਰੇਕ ਮੈਂਬਰ ਨੂੰ ਵਿਸ਼ੇਸ਼ ਕੇਸ (ਇਸ ਨੂੰ ਪ੍ਰਥਾ ਸਮਝੇ ਬਿਨਾਂ) ਦੇ ਤਹਿਤ ਸਿੱਧੇ ਕੋਟੇ ਦੀਆਂ ਖਾਲੀ ਅਸਾਮੀਆਂ ਵਿਰੁੱਧ ਬਠਿੰਡਾ ਜ਼ਿਲ੍ਹੇ ਜਾਂ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੀ ਵਿਦਿਆ ਯੋਗਤਾ ਦੇ ਮੁਤਾਬਕ ਨੌਕਰੀ ਦੇਣ ਲਈ ਸਬੰਧਤ ਨਿਯਮਾਂ/ਨੀਤੀ ਵਿੱਚ ਢਿੱਲ ਦੇ ਦਿੱਤੀ ਗਈ ਹੈ।
ਸੂਬਾ ਸਰਕਾਰ ਵੱਲੋਂ ਨੌਕਰੀ ਦੇਣ ਤੋਂ ਇਲਾਵਾ ਹਰੇਕ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 5-5 ਲੱਖ ਰੁਪਏ ਜਦਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਦਿੱਤੀ ਜਾ ਚੁੱਕੀ ਹੈ।
ਦੱਸਣਯੋਗ ਹੈ ਕਿ 31 ਜਨਵਰੀ, 2017 ਨੂੰ ਬਠਿੰਡਾ ਜ਼ਿਲ੍ਹੇ ਵਿੱਚ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 13 ਜ਼ਖ਼ਮੀ ਹੋ ਗਏ ਸਨ। ਸੂਬਾ ਸਰਕਾਰ ਨੇ ਮੌਜੂਦਾ ਨੀਤੀ ਮੁਤਾਬਿਕ ਦੋ ਮ੍ਰਿਤਕਾਂ ਹਰਪਾਲ ਸਿੰਘ (40) ਤੇਜਾ ਸਿੰਘ ਅਤੇ ਅਸ਼ੋਕ ਕੁਮਾਰ (35) ਪੁੱਤਰ ਬਾਬੂ ਰਾਮ ਨੂੰ ਪਹਿਲਾਂ ਹੀ ਸਰਕਾਰੀ ਨੌਕਰੀ ਮੁਹੱਈਆ ਕਰਵਾ ਦਿੱਤੀ ਹੈ ਕਿਉਂਜੋ ਇਹ ਦੋਵੇਂ ਵਿਅਕਤੀ ਆਪਣੇ ਪਰਿਵਾਰਾਂ ਲਈ ਰੋਜ਼ੀ-ਰੋਟੀ ਕਮਾਉਣ ਵਾਲੇ ਸਨ। ਅਸ਼ੋਕ ਕੁਮਾਰ ਦੇ ਕੇਸ ਵਿੱਚ, ਉਸ ਦੀ ਨਾਬਾਲਗ ਬੇਟੀ ਬਾਗੋ (11) ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ ਪਰ ਪਰਿਵਾਰ ਦੇ ਇਕ ਮੈਂਬਰ ਨੂੰ ਪਹਿਲਾਂ ਹੀ ਨੌਕਰੀ ਦਿੱਤੀ ਜਾ ਚੁੱਕੀ ਹੈ ਜਿਸ ਕਰਕੇ ਅੱਜ ਪ੍ਰਵਾਨ ਕੀਤੇ ਗਏ ਵਿਸ਼ੇਸ਼ ਉਪਬੰਧ ਵਿੱਚ ਬਾਗੋ ਨੂੰ ਸ਼ਾਮਲ ਨਹੀਂ ਕੀਤਾ ਗਿਆ।
———–

LEAVE A REPLY

Please enter your comment!
Please enter your name here