ਮਾਨਸਾ, 14 ਫਰਵਰੀ(ਸਾਰਾ ਯਹਾ /ਮੁੱਖ ਸੰਪਾਦਕ)– ਜ਼ਿਲ੍ਹਾ ਮਾਨਸਾ ਦੀਆਂ ਤਿੰਨ ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਵਿੱਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਹਿੰਦਰ ਪਾਲ ਅਤੇ ਐਸ ਐਸ ਪੀ ਸ੍ਰੀ ਸੁਰੇਂਦਰ ਲਾਂਬਾ ਨੇ ਸਮੂਹ ਵੋਟਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅੱਜ ਹੋਈ ਵੋਟਿੰਗ ਦੌਰਾਨ ਕੁਲ 82.99% ਮਤਦਾਨ ਹੋਇਆ। ਉਨ੍ਹਾਂ ਦੱਸਿਆ ਕਿ ਜੋਗਾ ਵਿਖੇ ਸਭ ਤੋਂ ਵੱਧ ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਮਾਨਸਾ ਨਗਰ ਕੌਂਸਲ ਵਿੱਚ 73.95%, ਬੁਢਲਾਡਾ ਵਿੱਚ 82.02%, ਬਰੇਟਾ ਵਿੱਚ 85.45%, ਬੋਹਾ ਵਿੱਚ 86.39% ਅਤੇ ਜੋਗਾ ਵਿਖੇ 87.12 ਪ੍ਰਤੀਸ਼ਤ ਮਤਦਾਨ ਹੋਇਆ।
ਜ਼ਿਲ੍ਰਾ ਚੋਣ ਅਫ਼ਸਰ ਨੇ ਵੋਟਿੰਗ ਪ੍ਰਕਿਰਿਆ ਦੌਰਾਨ ਸਮੁੱਚੇ ਚੋਣ ਅਮਲੇ ਵੱਲੋਂ ਨਿਭਾਈ ਡਿਊਟੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਵੋਟਿੰਗ ਦੌਰਾਨ ਸਹਿਯੋਗ ਦੇਣ ਲਈ ਸਮੂਹ ਉਮੀਦਵਾਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।
ਉਨ੍ਹਾਂ ਦੱਸਿਆ ਕਿ 50514 ਮਰਦ ਵੋਟਰਾਂ, 44625 ਮਹਿਲਾ ਵੋਟਰਾਂ ਅਤੇ ਇੱਕ ਟਰਾਂਸ ਜੈਂਡਰ ਵੋਟਰ ਵੱਲੋਂ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ 95,140 ਵੋਟਾਂ ਪਾਈਆਂ ਗਈਆਂ। ਇਸ ਦੌਰਾਨ ਕੋਵਿਡ ਤੋਂ ਬਚਾਅ ਸਬੰਧੀ ਸੈਨੇਟਾਈਜ਼ਰ, ਥਰਮਲ ਸਕੈਨਰ ਆਦਿ ਸਾਵਧਾਨੀਆਂ ਦੀ ਵਰਤੋਂ ਵੀ ਕੀਤੀ ਗਈ। ਕੋਵਿਡ ਤੋਂ ਬਚਾਅ ਦੇ ਨੋਡਲ ਅਫ਼ਸਰ
ਡਾ ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਹੇਠ ਟੀਮਾਂ ਲਗਾਤਾਰ ਵੋਟ ਪਾਉਣ ਪੁੱਜੇ ਵੋਟਰਾਂ ਦੀ ਮੌਕੇ ਉੱਪਰ ਹੀ ਜਾਂਚ ਲਈ ਸਰਗਰਮ ਰਹੀਆਂ।