ਪੰਜਾਬ ਦੇ ਸੈਮੀਫਾਈਨਲ ‘ਚ ਨਿੱਤਰੀ ਵੜੇਂਵੇ ਖਾਣੀ! ਸਿਆਸੀ ਪਾਰਟੀਆਂ ਦਾ ਵੱਕਾਰ ਦਾਅ ‘ਤੇ

0
34

ਚੰਡੀਗੜ੍ਹ 11,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): 14 ਫਰਵਰੀ ਨੂੰ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਹਨ। ਇਸ ਕਾਰਨ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਸਿਰ-ਧੜ ਦੀ ਬਾਜ਼ੀ ਲਾ ਦਿੱਤੀ ਹੈ। ਕਾਂਗਰਸ, ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਨੇਤਾ ਚੋਣ ਪ੍ਰਚਾਰ ਵੀ ਜੁਟੇ ਹੋਏ ਹਨ। ਇਸ ਦੌਰਾਨ ਕਾਂਗਰਸ ਪੂਰੀ ਤਾਕਤ ਲਗਾ ਰਹੀ ਹੈ ਕਿਉਂਕਿ ਉਹ ਇਸ ਚੋਣ ਨੂੰ 2022 ਦੀ ਵਿਧਾਨ ਸਭਾ ਚੋਣ ਦਾ ਸੈਮੀਫਾਇਨਲ ਮੰਨ ਰਹੀ ਹੈ।

ਕਾਂਗਰਸ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪ੍ਰਨੀਤ ਕੌਰ, ਮਨੀਸ਼ ਤਿਵਾੜੀ, ਸਪੀਕਰ ਰਾਣਾ ਕੇਪੀ ਸਿੰਘ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸੀਨੀਅਰ ਨੇਤਾ ਸੁਨੀਲ ਜਾਖੜੀ ਵਾਰਡਾਂ ਵਿੱਚ ਜਾ ਕੇ ਵੋਟਾਂ ਮੰਗ ਰਹੇ ਹਨ। ਕਾਂਗਰਸ ਇਨ੍ਹਾਂ ਚੋਣਾਂ ਨੂੰ 2022 ਦੀ ਤਿਆਰੀ ਵਜੋਂ ਲੜ ਰਹੀ ਹੈ।

ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਰੇ ਵਿਧਾਇਕ ਤੇ ਸੰਸਦ ਮੈਂਬਰ, 18 ਕੈਬਨਿਟ ਮੰਤਰੀ, ਸੂਬਾ ਪ੍ਰਧਾਨ ਸੁਨੀਲ ਜਾਖੜ, ਯੂਥ ਕਾਂਗਰਸ ਦੇ ਪ੍ਰਧਾਨ ਤੇ ਪ੍ਰਨੀਤ ਕੌਰ ਸਮੇਤ ਕਾਂਗਰਸ ਦੇ ਸੀਨੀਅਰ ਲੀਡਰ ਚੋਣ ਪ੍ਰਚਾਰ ਕਰ ਰਹੇ ਹਨ। ਮੰਤਰੀ ਆਪਣੀ ਪਾਰਟੀ, ਵਿਕਾਸ ਕਾਰਜਾਂ ਤੇ ਦੇਸ਼ ਪ੍ਰਤੀ ਭਾਵਾਤਮਕ ਭਾਸ਼ਣ ਦੇ ਕੇ ਵਾਰਡ ਤੋਂ ਵਾਰਡ ਜਾ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸੇ ਤਰ੍ਹਾਂ ਅਕਾਲੀ ਦਲ ਵੀ ਪੂਰੀ ਤਾਕਤ ਲਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੂਰੇ ਸੋਬੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ-ਨਾਲ ਉਹ ਆਪਣਾ ਗੜ੍ਹ ਬਚਾਉਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਸੁਖਬੀਰ ਬਾਦਲ ਮਾਲਵੇ ਸਮੇਤ ਪੂਰੇ ਪੰਜਾਬ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਫਿਰਦੇ ਹਨ। ਉਨ੍ਹਾਂ ਦੇ ਨਾਲ ਹਰਸਿਮਰਤ ਬਾਦਲ ਵੀ ਸਾਥ ਦੇ ਰਹੀ ਹੈ। ਅਕਾਲੀ ਦਲ ਨੇ 70 ਫੀਸਦ ਤੋਂ ਵੱਧ ਚੋਣ ਪ੍ਰਚਾਰ ਪੂਰਾ ਕਰ ਲਿਆ ਹੈ।

ਉਧਰ, ਬੀਜੇਪੀ ਲਈ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿੱਚ ਲੱਗੇ ਹੋਏ ਹਨ। ਹਾਲਾਂਕਿ ਪੰਜਾਬ ਵਿੱਚ ਬਹੁਤੀ ਥਾਂ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸ਼ਵਨੀ ਸ਼ਰਮਾ ਤੇ ਕਈ ਵਾਰ ਹਮਲਾ ਵੀ ਹੋ ਚੁੱਕਾ ਹੈ। ਕਿਸਾਨਾਂ ਦੇ ਅੰਦੋਲਨ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕਾਂ ਦਾ ਵਿਰੋਧ ਇੰਨਾ ਵਧ ਹੈ ਕਿ ਉਹ ਇਨ੍ਹਾਂ ਆਗੂਆਂ ਦਾ ਥਾਂ-ਥਾਂ ਘਿਰਾਓ ਕਰ ਰਹੇ ਹਨ।

ਇਨ੍ਹਾਂ ਚੋਣਾਂ ਵਿੱਚ ਪੰਜਾਬ ਬੀਜੇਪੀ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਵੱਕਾਰ ਦਾ ਸਵਾਲ ਬਣ ਗਿਆ ਹੈ। ਜੇਕਰ ਬੀਜੇਪੀ ਹਾਰਦੀ ਹੈ ਤਾਂ ਇਸ ਦਾ ਪੂਰੀ ਦੁਨੀਆ ਅੰਦਰ ਸਪਸ਼ਟ ਸੰਕੇਤ ਜਾਵੇਗਾ ਕਿ ਪੰਜਾਬ ਦੇ ਲੋਕ ਖੇਤੀ ਕਾਨੂੰਨਾਂ ਤੋਂ ਖੁਸ਼ ਨਹੀਂ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਵਾਰ-ਵਾਰ ਕਿਸਾਨ ਹਿਤੈਸ਼ੀ ਦੱਸ ਰਹੇ ਹਨ। ਇਸ ਤੋਂ ਇਲਾਵਾ ਬੀਜੇਪੀ ਨੂੰ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਧੱਕਾ ਲੱਗੇਗਾ।

ਆਮ ਆਦਮੀ ਪਾਰਟੀ ਵੀ ਇਨ੍ਹਾਂ ਚੋਣਾਂ ਜ਼ਰੀਏ ਆਪਣੀ ਤਾਕਤ ਵਿਖਾਉਣ ਵਿੱਚ ਲੱਗੀ ਹੈ। ਕਿਸਾਨ ਅੰਦੋਲਨ ਵਿੱਚ ਸਿਰਫ ਆਮ ਆਦਮੀ ਪਾਰਟੀ ਪ੍ਰਤੀ ਹੀ ਕਿਸਾਨ ਨਰਮ ਰਹੇ ਹਨ। ਇਸ ਲਈ ਪਾਰਟੀ ਇਨ੍ਹਾਂ ਚੋਣਾਂ ਵਿੱਚ ਇਸ ਦਾ ਲਾਹਾ ਲੈਣਾ ਚਾਹੁੰਦੀ ਹੈ। ਹੁਣ ਵੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਇਸ ਦਾ ਲਾਹਾ ਚੋਣਾਂ ਵਿੱਚ ਲੈ ਪਾਉਂਦੀ ਹੈ ਜਾਂ ਨਹੀਂ।

LEAVE A REPLY

Please enter your comment!
Please enter your name here