ਨਵੀਂ ਦਿੱਲੀ 05,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਦਿੱਲੀ ਪੁਲਿਸ ਨਾਲ ਰਾਸ਼ਟਰ ਪੱਧਰੀ ਚੱਕਾ ਜਾਮ ਅੰਦੋਲਨ ਤੋਂ ਪਹਿਲਾਂ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਕੱਲ੍ਹ ਦੇ ਚੱਕਾ ਜਾਮ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਸੁਰੱਖਿਆ ਬਲਾਂ ਨੂੰ ਚੌਕਸ ਕੀਤਾ ਹੈ।
ਸੂਤਰਾਂ ਅਨੁਸਾਰ ਅਮਿਤ ਸ਼ਾਹ ਨੇ ਕਿਸਾਨਾਂ ਲਈ ਯੋਜਨਾਬੱਧ ‘ਚੱਕਾ ਜਾਮ’ ਤੋਂ ਇੱਕ ਦਿਨ ਪਹਿਲਾਂ ਪੁਲਿਸ ਤੇ ਰਾਜ ਪ੍ਰਸ਼ਾਸਨ ਨੂੰ ਤਿੰਨ ਨੁਕਾਤੀ ਸਲਾਹ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਰਾਸ਼ਟਰੀ ਰਾਜਧਾਨੀ ਵਿੱਚ ਮੁੱਖ ਸਥਾਨਾਂ ਉੱਤੇ ਸੁਰੱਖਿਆ ਜਵਾਨਾਂ ਦੀ ਭਾਰੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਲਾਲ ਕਿਲੇ ਦੇ ਨਾਲ-ਨਾਲ ਇੰਡੀਆ ਗੇਟ ਤੇ ਸੰਸਦ ਭਵਨ ਲਈ ਵੀ ਭਾਰੀ ਸੁਰੱਖਿਆ ਰਹੇਗੀ।
ਕਿਸਾਨਾਂ ਵੱਲੋਂ ਸ਼ਾਂਤੀਪੂਰਨ ਅੰਦੋਲਨ ਦੀ ਨਿਗਰਾਨੀ ਰੱਖਣ ਲਈ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੂੰ ਮਿਲ ਕੇ ਕੰਮ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਕਿਸਾਨ ਬੀਤੀ 26 ਨਵੰਬਰ ਤੋਂ ਦਿੱਲੀ ਦੀਆਂ ਸੀਮਾਵਾਂ ਉੱਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ।
ਅੰਦੋਲਨਕਾਰੀ ਕਿਸਾਨ ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ ਦੇ ਕਿਸਾਨ ਸੂਬਿਆਂ ਤੇ ਰਾਸ਼ਟਰੀ ਰਾਜ ਮਾਰਗਾਂ ਨੂੰ ਵਿਰੋਧ ਸਥਾਨਾਂ ਕੋਲ ਇੰਟਰਨੈੱਟ ਦੀ ਪਾਬੰਦੀ ਵਿਰੁੱਧ 6 ਫ਼ਰਵਰੀ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਬੰਦ ਕਰਨਗੇ।
ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਵਿੱਚ ਵਿਰੋਧ ਪ੍ਰਦਰਸ਼ਨ ਨਹੀਂ ਕਰਨਗੇ ਪਰ ਬਾਰਡਰਾਂ ਤੇ ਪੁਲਿਸ ਸਟੇਸ਼ਨਾਂ ਦੇ ਆਲੇ-ਦੁਆਲੇ ਆਪਣਾ ਅੰਦੋਲਨ ਹੋਵੇਗਾ। ਗਣਤੰਤਰ ਦਵਸ ਮੌਕੇ ਦਿੱਲੀ ਵਿੱਚ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਹੋਈ ਭਾਰੀ ਹਿੰਸਾ ਤੋਂ ਬਾਅਦ ਹੁਣ ਗ੍ਰਹਿ ਮੰਤਰਾਲਾ ਕੋਈ ਢਿੱਲ-ਮੱਠ ਨਹੀਂ ਵਰਤਣੀ ਚਾਹੁੰਦਾ।