ਪਿੰਡਾਂ ਦੇ ਗਰੀਬ ਲੋਕਾਂ ਤੇ ਮਜ਼ਦੂਰ ਵਰਗ ਲਈ ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਦੀ ਉਸਾਰੀ ਪ੍ਰਗਤੀ ਅਧੀਨ: ਨਾਜਰ ਸਿੰਘ ਮਾਨਸ਼ਾਹੀਆ

0
13

ਮਾਨਸਾ, 3 ਫਰਵਰੀ (ਸਾਰਾ ਯਹਾਂ /ਬੀਰਬਲ ਧਾਲੀਵਾਲ): ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਵਿੱਚ ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਦੀ ਉਸਾਰੀ ਦਾ ਕਾਰਜ ਪ੍ਰਗਤੀ ਅਧੀਨ ਹੈ। ਸਵੱਛ ਭਾਰਤ ਮਿਸ਼ਨ-2 ਦੇ ਤਹਿਤ ਇਨ੍ਹਾਂ ਕੰਪਲੈਕਸਾਂ ਦੇ ਨਿਰਮਾਣ ਦਾ ਉਦੇਸ਼ ਅਜਿਹੇ ਲੋਕਾਂ ਨੂੰ ਸ਼ੌਚਾਲਯ ਸੁਵਿਧਾ ਪ੍ਰਦਾਨ ਕਰਨਾ ਹੈ, ਜੋ ਘਰਾਂ ਵਿੱਚ ਜਗ੍ਹਾ ਦੀ ਘਾਟ ਹੋਣ ਕਾਰਨ  ਸਾਂਝੇ ਪਖਾਨਿਆਂ ਦੀ ਵਰਤੋਂ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਹਾਲਾਂਕਿ ਮਾਨਸਾ ਖੁੱਲ੍ਹੇ ਵਿੱਚ ਸ਼ੌਚ ਮੁਕਤ ਹੈ ਪਰ ਫਿਰ ਵੀ ਕਮਿਊਨਿਟੀ ਸੈਨੇਟਰੀ ਕੰਪਲੈਕਸ ਬਣਨ ਨਾਲ ਵਿੱਤੀ ਤੌਰ ‘ਤੇ ਕਮਜ਼ੋਰ ਅਤੇ ਮਜ਼ਦੂਰ ਵਰਗ ਨਾਲ ਸਬੰਧਤ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਵਿਧਾਇਕ ਨੇ ਦੱਸਿਆ ਕਿ ਮਾਨਸਾ ਤੇ ਭੀਖੀ ਬਲਾਕਾਂ ਦੇ ਪਿੰਡਾਂ ਵਿੱਚ  ਅਜਿਹੇ 8 ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਦੀ ਉਸਾਰੀ ਤੇਜ਼ੀ ਨਾਲ ਹੋ ਰਹੀ ਹੈ ਜਿਨ੍ਹਾਂ ‘ਤੇ ਕਰੀਬ 24 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਮਰਦਾਂ ਤੇ ਔਰਤਾਂ ਦੀ ਵਰਤੋਂ ਵਾਲੇ ਇਨ੍ਹਾਂ ਕੰਪਲੈਕਸਾਂ ਦੀ ਉਸਾਰੀ ਲਈ ਲੋੜੀਂਦੀ 70 ਫੀਸਦੀ ਰਾਸ਼ੀ ਪੰਚਾਇਤਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੈਨੀਟੇਸ਼ਨ ਅਧਿਕਾਰੀ ਇੰਜੀ: ਕੇਵਲ ਗਰਗ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ 2 ਦੇ ਤਹਿਤ ਜ਼ਿਲ੍ਹੇ ਦੇ 55 ਪਿੰਡਾਂ ਵਿੱਚ ਅਜਿਹੇ ਕੰਪਲੈਕਸਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ‘ਤੇ 1.65 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਮਾਨਸਾ ਹਲਕੇ ਦੇ 8, ਸਰਦੂਲਗੜ੍ਹ ਦੇ 33 ਅਤੇ ਬੁਢਲਾਡਾ ਦੇ 14 ਪਿੰਡਾਂ ਵਿੱਚ ਕਮਿਊਨਿਟੀ ਸੈਨੇਟਰੀ ਕੰਪਲੈਕਸ ਬਣਵਾਏ ਜਾ ਰਹੇ ਹਨ ਜਿਨ੍ਹਾਂ ਦੇ ਤਿਆਰ ਹੋਣ ਮਗਰੋਂ ਭਵਿੱਖ ਵਿੱਚ ਸਬੰਧਤ ਗ੍ਰਾਮ ਪੰਚਾਇਤ ਹੀ ਇਨ੍ਹਾਂ ਦੀ ਦੇਖਭਾਲ ਕਰੇਗੀ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਵਿਖੇ 99 ਲੱਖ ਅਤੇ ਬੁਢਲਾਡਾ ਵਿਖੇ 42 ਲੱਖ ਦੀ ਲਾਗਤ ਨਾਲ ਇਹ ਕੰਪਲੈਕਸ ਬਣਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਸ.ਬੀ.ਐਮ ਤਹਿਤ 70 ਪ੍ਰਤੀਸ਼ਤ ਅਤੇ ਵਿੱਤ ਕਮਿਸ਼ਨ ‘ਚੋਂ 30 ਪ੍ਰਤੀਸ਼ਤ ਰਾਸ਼ੀ ਇਸ ਕਾਰਜ ਲਈ ਪ੍ਰਾਪਤ ਹੋਈ ਹੈ।

LEAVE A REPLY

Please enter your comment!
Please enter your name here